ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਵੱਲੋਂ ਅੱਤਵਾਦੀਆਂ ਖ਼ਿਲਾਫ਼ ਚਲਾਈ ਗਈ ਵੱਡੀ ਕਾਰਵਾਈ ਦੌਰਾਨ ਇੱਕ ਅੱਤਵਾਦੀ ਮਾਰਿਆ ਗਿਆ ਹੈ। ਅਖਲ ਇਲਾਕੇ ‘ਚ ਸ਼ੁਰੂ ਹੋਇਆ ਇਹ ਸਰਚ ਆਪਰੇਸ਼ਨ ਅਜੇ ਵੀ ਜਾਰੀ ਹੈ।ਚਿਨਾਰ ਕੋਰ ਨੇ ਦੱਸਿਆ ਕਿ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਖ਼ੁਫੀਆ ਸੂਚਨਾ ਮਿਲਣ ‘ਤੇ ਫੌਜ, ਜੰਮੂ-ਕਸ਼ਮੀਰ ਪੁਲਿਸ ਅਤੇ ਸੀਆਰਪੀਐਫ਼ ਦੀ ਸਾਂਝੀ ਟੀਮ ਨੇ ਇਲਾਕੇ ਵਿੱਚ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।
ਤਲਾਸ਼ੀ ਦੌਰਾਨ ਅੱਤਵਾਦੀਆਂ ਵੱਲੋਂ ਗੋਲੀਬਾਰੀ ਕੀਤੀ ਗਈ, ਜਿਸਦਾ ਸੁਰੱਖਿਆ ਬਲਾਂ ਨੇ ਮੁਹਤੋੜ ਜਵਾਬ ਦਿੱਤਾ। ਇਸ ਮੁਕਾਬਲੇ ਵਿੱਚ ਇੱਕ ਅੱਤਵਾਦੀ ਢੇਰ ਹੋ ਗਿਆ। ਫੌਜ ਦਾ ਕਹਿਣਾ ਹੈ ਕਿ ਇਲਾਕੇ ‘ਚ ਹੋਰ 2-3 ਅੱਤਵਾਦੀ ਹੋਣ ਦੀ ਸੰਭਾਵਨਾ ਹੈ, ਜਿਨ੍ਹਾਂ ਵਿੱਚ ਲਸ਼ਕਰ-ਏ-ਤੋਇਬਾ ਦੇ ਮੈਂਬਰ ਵੀ ਹੋ ਸਕਦੇ ਹਨ।ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਹੋਰ ਵੀ ਤੀਬਰ ਕਰ ਦਿੱਤੀ ਹੈ ਅਤੇ ਵਾਧੂ ਬਲ ਮੌਕੇ ‘ਤੇ ਤਾਇਨਾਤ ਕੀਤੇ ਗਏ ਹਨ, ਕਿਉਂਕਿ ਅੱਤਵਾਦੀ ਰੁਕ-ਰੁਕ ਕੇ ਗੋਲੀਬਾਰੀ ਕਰ ਰਹੇ ਹਨ। ਇਹ ਆਪਰੇਸ਼ਨ ਹਜੇ ਵੀ ਚੱਲ ਰਿਹਾ ਹੈ।