ਚੰਡੀਗੜ੍ਹ – ਪੰਜਾਬ ਸਰਕਾਰ ਨੇ ਨਸ਼ਿਆਂ ਖਿਲਾਫ ਜੰਗ ਵਿੱਚ ਇੱਕ ਇਤਿਹਾਸਕ ਕਦਮ ਚੁੱਕਿਆ ਹੈ। ਹੁਣ ਤੋਂ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ 9ਵੀਂ ਤੋਂ 12ਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਣ ਦੀ ਸਿੱਖਿਆ ਦਿੱਤੀ ਜਾਵੇਗੀ।ਇਸ ਨਵੇਂ ਕੋਰਸ ਤਹਿਤ, ਹਰ 15 ਦਿਨਾਂ ਵਿੱਚ 35 ਮਿੰਟ ਦੀ ਇੱਕ ਖਾਸ ਕਲਾਸ ਲੱਗੇਗੀ। ਇਸ ਦੌਰਾਨ ਬੱਚਿਆਂ ਨੂੰ ਫਿਲਮਾਂ, ਖੇਡਾਂ, ਕੁਇਜ਼, ਪੋਸਟਰਾਂ ਅਤੇ ਵਰਕਸ਼ੀਟਾਂ ਰਾਹੀਂ ਦੱਸਿਆ ਜਾਵੇਗਾ ਕਿ ਨਸ਼ਿਆਂ ਤੋਂ ਕਿਵੇਂ ਦੂਰ ਰਹਿਣਾ ਹੈ ਤੇ ਇਹ ਕਿੰਨਾ ਨੁਕਸਾਨਦਾਇਕ ਹੁੰਦਾ ਹੈ।
ਇਸ ਮੁਹਿੰਮ ਦੀ ਸ਼ੁਰੂਆਤ ਅੱਜ ਫਾਜ਼ਿਲਕਾ ਤੋਂ ਹੋ ਰਹੀ ਹੈ, ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਇਸ ਕੋਰਸ ਦੀ ਰਸਮੀ ਸ਼ੁਰੂਆਤ ਕਰਨਗੇ।ਸੂਬੇ ਦੇ ਲਗਭਗ 3658 ਸਕੂਲਾਂ ਵਿੱਚ 8 ਲੱਖ ਤੋਂ ਵੱਧ ਵਿਦਿਆਰਥੀ ਇਸ ਕੋਰਸ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਨੂੰ ਪੜ੍ਹਾਉਣ ਲਈ 6500 ਤੋਂ ਵੱਧ ਅਧਿਆਪਕਾਂ ਨੂੰ ਖਾਸ ਸਿਖਲਾਈ ਦਿੱਤੀ ਗਈ ਹੈ।ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਜਿੱਥੇ ਸਕੂਲੀ ਪਾਠਕ੍ਰਮ ਵਿੱਚ ਨਸ਼ਾ ਛੁਡਾਊ ਵਿਸ਼ਾ ਸ਼ਾਮਲ ਕੀਤਾ ਗਿਆ ਹੈ।