ਰੋਪੜ – ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ ਸਵੇਰੇ ਮੋਰਿੰਡਾ ਸ਼ਹਿਰ ਦਾ ਅਚਾਨਕ ਦੌਰਾ ਕੀਤਾ। ਦੌਰੇ ਦੌਰਾਨ ਉਨ੍ਹਾਂ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਸੀਵਰੇਜ ਅਤੇ ਸਫਾਈ ਸਬੰਧੀ ਪ੍ਰਬੰਧਾਂ ਦੀ ਜਾਂਚ ਕੀਤੀ।ਮੌਕੇ ‘ਤੇ ਕਈ ਨਿਵਾਸੀਆਂ ਨੇ ਸੀਵਰੇਜ ਬੋਰਡ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਖ਼ਿਲਾਫ਼ ਆਪਣੇ ਗੁੱਸੇ ਦਾ ਇਜ਼ਹਾਰ ਕੀਤਾ ਤੇ ਖੁੱਲ੍ਹ ਕੇ ਸ਼ਿਕਾਇਤਾਂ ਦਰਜ ਕਰਵਾਈਆਂ। ਇਨ੍ਹਾਂ ਸ਼ਿਕਾਇਤਾਂ ਦੀ ਪੁਸ਼ਟੀ ਖੁਦ ਕੌਂਸਲਰਾਂ ਨੇ ਵੀ ਕੀਤੀ।
ਸ਼ਹਿਰ ਦੀ ਗਲੀਆਂ ‘ਚ ਖੜ੍ਹੇ ਗੰਦੇ ਪਾਣੀ ਅਤੇ ਫੈਲੀ ਗੰਦਗੀ ਨੂੰ ਵੇਖ ਕੇ ਡਾ. ਰਵਜੋਤ ਸਿੰਘ ਨੇ ਸਖ਼ਤ ਰਵੱਈਆ ਅਖਤਿਆਰ ਕਰਦੇ ਹੋਏ ਮੋਰਿੰਡਾ ਦੇ ਕਾਰਜ ਅਫਸਰ ਦੀ ਤਬਾਦਲਾ ਤੇ ਸੈਨਿਟਰੀ ਇੰਸਪੈਕਟਰ ਅਤੇ ਜੇਈ ਨੂੰ ਤੁਰੰਤ ਮੁਅੱਤਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ।ਉਨ੍ਹਾਂ ਸੀਵਰੇਜ ਬੋਰਡ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਸਰਕਾਰ ਸਾਫ਼-ਸੁਥਰੇ ਮਾਹੌਲ, ਸਾਫ਼ ਪੀਣ ਵਾਲੇ ਪਾਣੀ ਅਤੇ ਹੋਰ ਸਿਹਤ ਸਹੂਲਤਾਂ ਦੇ ਪ੍ਰਦਾਨ ਕਰਨ ਲਈ ਵਚਨਬੱਧ ਹੈ। ਲਾਪਰਵਾਹੀ ਕਰਨ ਵਾਲੇ ਕਿਸੇ ਵੀ ਅਧਿਕਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਡਾ. ਰਵਜੋਤ ਸਿੰਘ ਨੇ ਇਹ ਵੀ ਕਿਹਾ ਕਿ ਇੱਕ ਮਹੀਨੇ ਬਾਅਦ ਸ਼ਹਿਰ ਦਾ ਦੁਬਾਰਾ ਦੌਰਾ ਕਰਕੇ ਹਾਲਾਤਾਂ ਦੀ ਸਮੀਖਿਆ ਕੀਤੀ ਜਾਵੇਗੀ।ਇਸ ਦੌਰੇ ਦੌਰਾਨ ਉਨ੍ਹਾਂ ਨਾਲ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ, ਏ.ਡੀ.ਸੀ. ਜਨਰਲ ਪੂਜਾ ਸਿਆਲ ਗਰੇਵਾਲ ਅਤੇ ਐਸ.ਡੀ.ਐਮ. ਸੁਖਪਾਲ ਸਿੰਘ ਵੀ ਮੌਜੂਦ ਸਨ।