ਜੇ ਤੁਸੀਂ 28 ਜੁਲਾਈ ਨੂੰ ਘਰ ਤੋਂ ਬਾਹਰ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖ਼ਬਰ ਜ਼ਰੂਰ ਪੜ੍ਹੋ। ਪੰਜਾਬ ਰੋਡਵੇਜ਼, ਪਨਬਸ ਅਤੇ ਕਾਂਟ੍ਰੈਕਟ ਯੂਨੀਅਨ ਨੇ 28 ਜੁਲਾਈ ਤੋਂ ਰਾਜ-ਪੱਧਰੀ ਹੜਤਾਲ ਦਾ ਐਲਾਨ ਕਰ ਦਿੱਤਾ ਹੈ। ਇਸ ਦੌਰਾਨ ਸੂਬੇ ਦੀਆਂ ਸਰਕਾਰੀ ਬੱਸਾਂ ਬੰਦ ਰਹਿ ਸਕਦੀਆਂ ਹਨ।ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ 27 ਜੁਲਾਈ ਤੱਕ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ‘ਤੇ ਗੰਭੀਰਤਾ ਨਾਲ ਵਿਚਾਰ ਨਹੀਂ ਕਰਦੀ ਤਾਂ ਹੜਤਾਲ ਲਾਜ਼ਮੀ ਹੈ। ਪਹਿਲਾਂ ਵੀ, 9 ਜੁਲਾਈ ਨੂੰ ਇਕ ਦਿਨ ਦੀ ਬੱਸ ਸੇਵਾ ਠੱਪ ਹੋਣ ਕਾਰਨ ਲੋਕਾਂ ਨੂੰ ਕਾਫੀ ਦਿੱਕਤ ਆਈ ਸੀ।
ਉਸ ਵੇਲੇ ਸਰਕਾਰ ਨੇ ਤੁਰੰਤ ਯੂਨੀਅਨ ਨਾਲ ਗੱਲਬਾਤ ਕਰਕੇ ਹੜਤਾਲ ਖਤਮ ਕਰਵਾ ਲਈ ਸੀ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਮਸਲੇ ਹੱਲ ਕੀਤੇ ਜਾਣਗੇ। ਪਰ ਹੁਣ 11 ਦਿਨ ਬੀਤ ਚੁੱਕੇ ਹਨ ਤੇ ਹਾਲੇ ਵੀ ਕੋਈ ਹਲ ਨਹੀਂ ਨਿਕਲਿਆ।ਯੂਨੀਅਨ ਆਗੂ ਆਸ ਕਰ ਰਹੇ ਹਨ ਕਿ 27 ਜੁਲਾਈ ਨੂੰ ਉਨ੍ਹਾਂ ਨੂੰ ਮੁਲਾਕਾਤ ਲਈ ਸੱਦਿਆ ਜਾਵੇਗਾ। ਨਹੀਂ ਤਾਂ, ਉਹ ਬੱਸ ਸੇਵਾਵਾਂ ਰੋਕਣ ਲਈ ਮਜਬੂਰ ਹੋਣਗੇ। ਯੂਨੀਅਨ ਪ੍ਰਧਾਨ ਰੇਸ਼ਮ ਸਿੰਘ ਨੇ ਕਿਹਾ ਹੈ ਕਿ ਜਦ ਤੱਕ ਮੰਗਾਂ ਮਨਜ਼ੂਰ ਨਹੀਂ ਹੁੰਦੀਆਂ, ਹੜਤਾਲ ਜਾਰੀ ਰਹੇਗੀ।