ਖੰਨਾ (ਵਿਪਨ): ਖੰਨਾ ਸਿਵਲ ਹਸਪਤਾਲ ‘ਚ ਗਰਭਵਤੀ ਔਰਤ ਦਾ ਸਮੇਂ ਸਿਰ ਇਲਾਜ ਨਾ ਹੋਣ ਕਾਰਨ ਨਵਜੰਮੀ ਬੱਚੀ ਦੀ ਮੌਤ ਦੇ ਮਾਮਲੇ ‘ਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਜਨਾਨਾ ਮਾਹਰ ਡਾ. ਕਵਿਤਾ ਸ਼ਰਮਾ ਨੂੰ ਤੁਰੰਤ ਸਸਪੈਂਡ ਕਰ ਦਿੱਤਾ ਗਿਆ।ਜਾਣਕਾਰੀ ਮੁਤਾਬਕ, ਡਾ. ਕਵਿਤਾ ਡਿਊਟੀ ‘ਤੇ ਹੋਣ ਦੇ ਬਾਵਜੂਦ ਬਿਨਾਂ ਸੂਚਨਾ ਦਿੱਤੇ ਹਸਪਤਾਲ ਤੋਂ ਗੈਰਹਾਜ਼ਰ ਰਹੀ। ਐਮਰਜੈਂਸੀ ‘ਚ SMO ਨੇ ਫ਼ੋਨ ਕਰਕੇ ਬੁਲਾਇਆ ਪਰ ਉਹ ਨਹੀਂ ਆਈ, ਜਿਸ ਕਾਰਨ ਬੱਚੀ ਦੀ ਮੌਤ ਹੋ ਗਈ। ਮਾਂ ਦੀ ਜਾਨ SMO ਨੇ ਖ਼ੁਦ ਆਪ੍ਰੇਸ਼ਨ ਕਰਕੇ ਬਚਾਈ।
ਸਿਹਤ ਮੰਤਰੀ ਨੇ ਦੱਸਿਆ ਕਿ ਡਾਕਟਰ ਖਿਲਾਫ ਪਹਿਲਾਂ ਵੀ ਕਈ ਸ਼ਿਕਾਇਤਾਂ ਮਿਲੀਆਂ ਹੋਈਆਂ ਸਨ। ਤਿੰਨ ਮੈਂਬਰਾਂ ਦੀ ਜਾਂਚ ਕਮੇਟੀ ਨੇ ਵੀ ਲਾਪਰਵਾਹੀ ਦੀ ਪੁਸ਼ਟੀ ਕੀਤੀ, ਜਿਸ ਬਾਅਦ ਮੁਅੱਤਲੀ ਦੀ ਕਾਰਵਾਈ ਹੋਈ।ਉਨ੍ਹਾਂ ਚੇਤਾਵਨੀ ਦਿੱਤੀ ਕਿ ਇਹ ਸਿਰਫ਼ ਸ਼ੁਰੂਆਤ ਹੈ — ਅਗਲੀ ਜਾਂਚ ਤੋਂ ਬਾਅਦ ਡਾਕਟਰ ਦਾ ਲਾਇਸੰਸ ਰੱਦ ਹੋ ਸਕਦਾ ਹੈ ਅਤੇ ਕਾਨੂੰਨੀ ਕੇਸ ਵੀ ਦਰਜ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ “ਇਹ ਗਲਤੀ ਨਹੀਂ, ਗੁਨਾਹ ਹੈ” ਅਤੇ ਅਜਿਹੇ ਮਾਮਲਿਆਂ ‘ਚ ਮਿਸਾਲੀ ਸਜ਼ਾ ਦਿੱਤੀ ਜਾਵੇਗੀ।