ਜਲੰਧਰ: ਜਲੰਧਰ ਦੇ ਲਾਡੇਵਾਲੀ ਫਲਾਈਓਵਰ ਦੇ ਕੋਲ ਸਥਿਤ ਏਸਬੀਆਈ (SBI) ਬੈਂਕ ਦੇ ਏਟੀਐਮ ਨੂੰ ਚੋਰ ਗੈਸ ਕਟਰ ਦੀ ਮਦਦ ਨਾਲ ਉਖਾੜ ਕੇ ਲੈ ਗਏ। ਇਹ ਘਟਨਾ ਉਸ ਵੇਲੇ ਸਾਹਮਣੇ ਆਈ ਜਦੋਂ ਸਵੇਰੇ ਲੋਕ ਆਪਣੀਆਂ ਦੁਕਾਨਾਂ ‘ਤੇ ਪਹੁੰਚੇ। ਉਨ੍ਹਾਂ ਨੇ ਵੇਖਿਆ ਕਿ ਏਟੀਐਮ ਮਸ਼ੀਨ ਗਾਇਬ ਸੀ, ਜਿਸ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ।ਚੋਰਾਂ ਨੇ ਵਾਰਦਾਤ ਕਰਣ ਤੋਂ ਪਹਿਲਾਂ ਏਟੀਐਮ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ‘ਤੇ ਕਾਲਾ ਸਪਰੇਅ ਕਰ ਦਿੱਤਾ ਸੀ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਥਾਨਕ ਲੋਕਾਂ ਵੱਲੋਂ ਪੁਲਿਸ ਦੀ ਲਾਪਰਵਾਹੀ ‘ਤੇ ਸਵਾਲ ਚੁੱਕੇ ਜਾ ਰਹੇ ਹਨ।
ਜਾਣਕਾਰੀ ਅਨੁਸਾਰ, ਵਾਰਦਾਤ ਦੇ ਸਮੇਂ ਏਟੀਐਮ ‘ਤੇ ਕੋਈ ਸੁਰੱਖਿਆ ਗਾਰਡ ਮੌਜੂਦ ਨਹੀਂ ਸੀ, ਹਾਲਾਂਕਿ ਬੈਂਕਾਂ ਨੂੰ ਪਹਿਲਾਂ ਹੀ ਸੁਰੱਖਿਆ ਗਾਰਡ ਰੱਖਣ ਦੇ ਨਿਰਦੇਸ਼ ਦਿੱਤੇ ਗਏ ਸਨ। ਚੋਰ ਆਪਣਾ ਸੱਬਲ ਉਥੇ ਹੀ ਛੱਡ ਗਏ, ਜਿਸਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ ਹੈ। ਨੇੜਲੇ ਇਲਾਕੇ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ।ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 9.30 ਵਜੇ ਇਹ ਸੂਚਨਾ ਮਿਲੀ ਸੀ। ਚੋਰ ਸਾਰੀਆਂ ਕੈਸ਼ ਟ੍ਰੇਆਂ ਲੈ ਕੇ ਭੱਜ ਗਏ। ਕਿੰਨੀ ਰਕਮ ਚੋਰੀ ਹੋਈ ਹੈ, ਇਸ ਦੀ ਜਾਂਚ ਜਾਰੀ ਹੈ। ਬੈਂਕ ਅਤੇ ਚੌਕੀਦਾਰ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।