ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਵੱਲੋਂ ਮਨਜ਼ੂਰ ਕੀਤੀ ਗਈ ਨਵੀਂ ਰੇਲਗੱਡੀ ਦੀ ਸ਼ੁਰੂਆਤ ਨਾਲ ਰਾਜਸਥਾਨ ਅਤੇ ਪੰਜਾਬ ਵਿਚਕਾਰ ਯਾਤਰਾ ਹੁਣ ਕਾਫੀ ਆਸਾਨ ਹੋ ਜਾਵੇਗੀ। ਇਹ ਨਵੀਂ ਰੇਲ ਸੇਵਾ ਉਦੈਪੁਰ ਤੋਂ ਚੰਡੀਗੜ੍ਹ ਅਤੇ ਚੰਡੀਗੜ੍ਹ ਤੋਂ ਉਦੈਪੁਰ ਹਫ਼ਤੇ ਵਿੱਚ ਦੋ ਵਾਰੀ ਚੱਲੇਗੀ।
ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬਚੰਦ ਕਟਾਰੀਆ ਨੇ ਦੱਸਿਆ ਕਿ ਉਨ੍ਹਾਂ ਨੇ ਹਾਲ ਹੀ ਵਿੱਚ ਦਿੱਲੀ ਵਿੱਚ ਕੇਂਦਰੀ ਰੇਲ ਮੰਤਰੀ ਨਾਲ ਮੁਲਾਕਾਤ ਕਰਕੇ ਇਹ ਮੰਗ ਰੱਖੀ ਸੀ। ਰੇਲ ਮੰਤਰੀ ਨੇ ਇਸ ਮੰਗ ਨੂੰ ਤੁਰੰਤ ਮਨਜ਼ੂਰੀ ਦਿੰਦਿਆਂ ਰੇਲਗੱਡੀ ਚਲਾਉਣ ਦੀ ਪੂਰੀ ਯੋਜਨਾ ਤਿਆਰ ਕਰ ਦਿੱਤੀ ਹੈ। ਉਦੈਪੁਰ ਤੋਂ ਸੰਸਦ ਮੈਂਬਰ ਡਾ. ਮੰਨਾਲਾਲ ਰਾਵਤ ਨੇ ਰੇਲ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਵੀਂ ਸੇਵਾ ਨਾਲ ਉਦੈਪੁਰ ਖੇਤਰ ਦੇ ਹਜ਼ਾਰਾਂ ਯਾਤਰੀਆਂ ਨੂੰ ਸੁਵਿਧਾ ਮਿਲੇਗੀ, ਜੋ ਪਹਿਲਾਂ ਦਿੱਲੀ ਜਾਂ ਹੋਰ ਵੱਡੇ ਸਟੇਸ਼ਨਾਂ ਰਾਹੀਂ ਪੰਜਾਬ ਜਾਂਦੇ ਸਨ।
ਟ੍ਰੇਨ ਦੀ ਸਮਾਂ-ਸਾਰਣੀ ਅਤੇ ਨੰਬਰ:
ਟ੍ਰੇਨ ਨੰਬਰ 20989 – ਉਦੈਪੁਰ ਤੋਂ ਚੰਡੀਗੜ੍ਹ: ਹਰ ਬੁੱਧਵਾਰ ਅਤੇ ਸ਼ਨੀਵਾਰ ਨੂੰ ਸ਼ਾਮ 4:05 ਵਜੇ ਰਵਾਨਾ ਹੋਏਗੀ ਅਤੇ ਅਗਲੇ ਦਿਨ ਸਵੇਰੇ 9:50 ਵਜੇ ਚੰਡੀਗੜ੍ਹ ਪਹੁੰਚੇਗੀ।
ਟ੍ਰੇਨ ਨੰਬਰ 20990 – ਚੰਡੀਗੜ੍ਹ ਤੋਂ ਉਦੈਪੁਰ: ਹਰ ਵੀਰਵਾਰ ਅਤੇ ਐਤਵਾਰ ਨੂੰ ਸਵੇਰੇ 11:20 ਵਜੇ ਚੱਲੇਗੀ ਅਤੇ ਅਗਲੇ ਦਿਨ ਸਵੇਰੇ 5:30 ਵਜੇ ਉਦੈਪੁਰ ਪਹੁੰਚੇਗੀ।
ਟ੍ਰੇਨ ਇਨ੍ਹਾਂ ਸਟੇਸ਼ਨਾਂ ’ਤੇ ਰੁਕੇਗੀ:
ਰਾਣਾ ਪ੍ਰਤਾਪ ਨਗਰ (ਉਦੈਪੁਰ), ਮਾਵਲੀ ਜੰਕਸ਼ਨ, ਕਪਾਸਨ, ਚੰਦੇਰੀਆ, ਭੀਲਵਾੜਾ, ਵਿਜੇ ਨਗਰ, ਅਜਮੇਰ, ਕਿਸ਼ਨਗੜ੍ਹ, ਫੁਲੇਰਾ, ਜੈਪੁਰ, ਗਾਂਧੀਨਗਰ ਜੈਪੁਰ, ਦੌਸਾ, ਬੰਦਿਕੂਈ, ਰਾਜਗੜ੍ਹ, ਅਲਵਰ, ਰੇਵਾੜੀ, ਝੱਜਰ, ਰੋਹਤਕ, ਜੀਂਦ, ਨਰਵਾਣਾ, ਕੈਥਲ, ਕੁਰੂਕਸ਼ੇਤਰ ਅਤੇ ਅੰਬਾਲਾ ਕੈਂਟ।ਇਹ ਨਵੀਂ ਰੇਲ ਸੇਵਾ ਰਾਜਸਥਾਨ, ਹਰਿਆਣਾ ਅਤੇ ਪੰਜਾਬ ਨੂੰ ਸਿੱਧਾ ਜੋੜੇਗੀ ਅਤੇ ਸੈਲਾਨੀਆਂ, ਵਿਦਿਆਰਥੀਆਂ, ਵਪਾਰੀਆਂ ਅਤੇ ਆਮ ਯਾਤਰੀਆਂ ਲਈ ਬਹੁਤ ਲਾਭਦਾਇਕ ਸਾਬਤ ਹੋਵੇਗੀ। ਉਦੈਪੁਰ ਤੋਂ ਚੰਡੀਗੜ੍ਹ ਤੱਕ ਦੀ ਇਹ ਸਿੱਧੀ ਰੇਲ ਲਿੰਕ ਲੰਬੇ ਸਮੇਂ ਤੋਂ ਮਹਿਸੂਸ ਕੀਤੀ ਜਾ ਰਹੀ ਲੋੜ ਨੂੰ ਪੂਰਾ ਕਰੇਗੀ।