ਮੋਹਾਲੀ ਦੇ ਢਕੋਲੀ ਇਲਾਕੇ ਵਿੱਚ ਇੱਕ ਰੂਫਟਾਪ ਰੈਸਟੋਰੈਂਟ ‘ਚ ਜਨਮਦਿਨ ਸਮਾਰੋਹ ਦੌਰਾਨ ਇੱਕ ਨੌਜਵਾਨ ਵੱਲੋਂ ਦੋਵੇਂ ਹੱਥਾਂ ਨਾਲ ਕੀਤੀ ਹਵਾਈ ਫਾਇਰਿੰਗ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਇਸ ਘਟਨਾ ਤੋਂ ਬਾਅਦ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ ਅਤੇ ਮੁਲਜ਼ਮ ਵਿਕਰਮ ਵਿਰੁੱਧ ਅਸਲਾ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ।ਵੀਡੀਓ ਵਿੱਚ ਨੌਜਵਾਨ ਨੂੰ ਭੀੜ ਵਿੱਚ ਖੜ੍ਹਾ ਹੋ ਕੇ ਦੋਨੋ ਹੱਥਾਂ ਵਿੱਚ ਪਿਸਤੌਲ ਫੜ ਕੇ ਹਵਾ ਵਿੱਚ ਗੋਲੀਆਂ ਚਲਾਉਂਦੇ ਹੋਏ ਸਾਫ਼ ਦੇਖਿਆ ਜਾ ਸਕਦਾ ਹੈ। ਇਨ੍ਹਾਂ ਗੋਲੀਆਂ ਦੇ ਦੌਰਾਨ ਰੈਸਟੋਰੈਂਟ ਵਿੱਚ ਮੌਜੂਦ ਲੋਕ ਤਾੜੀਆਂ ਵਜਾਉਂਦੇ ਅਤੇ ਹੌਸਲਾ ਅਫਜ਼ਾਈ ਕਰਦੇ ਨਜ਼ਰ ਆਏ।
ਜਿਵੇਂ ਹੀ ਇਹ ਵੀਡੀਓ ਵਾਇਰਲ ਹੋਈ, ਲੋਕਾਂ ਵਿੱਚ ਡਰ ਅਤੇ ਗੁੱਸਾ ਫੈਲ ਗਿਆ। ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਇਹ ਘਟਨਾ ਇੱਕ ਜਨਮਦਿਨ ਦੀ ਪਾਰਟੀ ਦੌਰਾਨ ਵਾਪਰੀ ਸੀ ਜਿਸ ਵਿੱਚ ਕਾਫੀ ਵੱਡੀ ਗਿਣਤੀ ‘ਚ ਲੋਕ ਹਾਜ਼ਰ ਸਨ।ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।