ਮੋਹਾਲੀ ਦੇ ਖਰੜ ਖੇਤਰ ’ਚ ਅੱਜ ਸਵੇਰੇ ਇੱਕ ਵੱਡੀ ਪੁਲਿਸ ਮੁੱਠਭੇੜ ਹੋਈ ਜਿਸ ਨੇ ਖੇਤਰ ਵਿੱਚ ਹੜਕੰਪ ਮਚਾ ਦਿੱਤਾ। ਇਹ ਮੁੱਠਭੇੜ ਗੈਂਗਸਟਰ ਲੱਕੀ ਪਟਿਆਲ ਦੇ ਗਰੁੱਪ ਨਾਲ ਜੁੜੇ ਗੁਰਗੇ ਰਣਬੀਰ ਰਾਣਾ ਅਤੇ ਮੋਹਾਲੀ ਪੁਲਿਸ ਦੀ ਸੀਆਈਏ ਟੀਮ ਵਿਚਾਲੇ ਹੋਈ। ਮੁਲਜ਼ਮ ਨੂੰ ਗੋਲੀ ਲੱਗਣ ਕਾਰਨ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਰਣਬੀਰ ਰਾਣਾ ਬੀਤੇ ਦਿਨੀ ਚੰਡੀਗੜ੍ਹ ਦੇ ਸੈਕਟਰ 38 ਵਿਖੇ ਇੱਕ ਹੋਟਲ ਕਾਰੋਬਾਰੀ ਦੇ ਘਰ ਫਾਇਰਿੰਗ ਦੀ ਘਟਨਾ ’ਚ ਸ਼ਾਮਲ ਸੀ। ਇਸ ਤੋਂ ਪਹਿਲਾਂ ਵੀ ਉਸ ਨੇ ਪ੍ਰਸਿੱਧ ਪੰਜਾਬੀ ਮਿਊਜ਼ਿਕ ਪ੍ਰੋਡਿਊਸਰ ਬੰਟੀ ਬੈਂਸ ਉੱਤੇ ਹਮਲਾ ਕੀਤਾ ਸੀ। ਉਸ ’ਤੇ ਕਈ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ ਅਤੇ ਉਹ ਕਾਫੀ ਸਮੇਂ ਤੋਂ ਪੁਲਿਸ ਦੀ ਨਿਗਰਾਨੀ ਹੇਠ ਸੀ।
ਜਾਣਕਾਰੀ ਮੁਤਾਬਕ, ਮੋਹਾਲੀ ਦੀ ਸੀਆਈਏ ਟੀਮ ਨੂੰ ਸੂਚਨਾ ਮਿਲੀ ਕਿ ਰਣਬੀਰ ਰਾਣਾ ਖਰੜ ਨੇੜੇ ਭੁੱਖੜੀ ਦੇ ਜੰਗਲਾਂ ਵਿੱਚ ਛੁਪਿਆ ਹੋਇਆ ਹੈ। ਟੀਮ ਨੇ ਜਦੋਂ ਉਸਨੂੰ ਘੇਰਿਆ ਤਾਂ ਉਸ ਨੇ ਪੁਲਿਸ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਨੇ ਵੀ ਜਵਾਬੀ ਫਾਇਰਿੰਗ ਕੀਤੀ ਜਿਸ ਦੌਰਾਨ ਇੱਕ ਗੋਲੀ ਆਰੋਪੀ ਦੇ ਪੈਰ ’ਚ ਲੱਗੀ। ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਨੇ ਉਸਨੂੰ ਕਾਬੂ ਕਰਕੇ ਇਲਾਜ ਲਈ ਹਸਪਤਾਲ ਭੇਜ ਦਿੱਤਾ।
ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਨਾਲ ਜੁੜੇ ਤਿੰਨ ਵਿਚੋਂ ਦੋ ਆਰੋਪੀ ਪਹਿਲਾਂ ਹੀ ਗ੍ਰਿਫਤਾਰ ਕੀਤੇ ਜਾ ਚੁੱਕੇ ਸਨ, ਜਦਕਿ ਰਣਬੀਰ ਰਾਣਾ ਤੀਜਾ ਮੁਲਜ਼ਮ ਸੀ ਜੋ ਹੁਣ ਪੁਲਿਸ ਦੀ ਗ੍ਰਿਫਤ ’ਚ ਆ ਗਿਆ ਹੈ। ਮੋਹਾਲੀ ਪੁਲਿਸ ਵੱਲੋਂ ਮਾਮਲੇ ਦੀ ਹੋਰ ਜਾਂਚ ਜਾਰੀ ਹੈ ਅਤੇ ਗੈਂਗਸਟਰ ਲੱਕੀ ਪਟਿਆਲ ਦੇ ਨੈੱਟਵਰਕ ਨੂੰ ਤੋੜਨ ਲਈ ਖਾਸ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ।
ਇਹ ਘਟਨਾ ਦੁਬਾਰਾ ਪੰਜਾਬ ਵਿੱਚ ਸਰਗਰਮ ਹੋ ਰਹੇ ਗੈਂਗਸਟਰ ਗਰੁੱਪਾਂ ’ਤੇ ਚਰਚਾ ਛੇੜ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਅਪਰਾਧੀ ਤੱਤਾਂ ਦੇ ਖ਼ਿਲਾਫ਼ ਸਖ਼਼ਤ ਕਾਰਵਾਈ ਜਾਰੀ ਰਹੇਗੀ ਅਤੇ ਕਾਨੂੰਨ-ਵਿਵਸਥਾ ਨੂੰ ਕਿਸੇ ਵੀ ਹਾਲਤ ਵਿੱਚ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ।

