ਦੇਸ਼ ਦੇ ਕੋਨੇ-ਕੋਨੇ ਨੂੰ ਰੇਲ ਮਾਰਗ ਰਾਹੀਂ ਜੋੜਨ ਲਈ ਕੇਂਦਰ ਸਰਕਾਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸੇ ਕੜੀ ਤਹਿਤ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਨਲਾਈਨ ਮਾਧਿਅਮ ਰਾਹੀਂ ਇੱਕੇ ਦਿਨ ਵਿੱਚ ਚਾਰ ਨਵੀਆਂ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਈ। ਇਨ੍ਹਾਂ ਚਾਰਾਂ ਵਿੱਚੋਂ ਇੱਕ ਟ੍ਰੇਨ ਪੰਜਾਬ ਨੂੰ ਸਮਰਪਿਤ ਕੀਤੀ ਗਈ ਹੈ, ਜੋ ਮਾਲਵਾ ਖੇਤਰ ਦੇ ਵੱਖ-ਵੱਖ ਸ਼ਹਿਰਾਂ ਨੂੰ ਤੇਜ਼ ਰਫ਼ਤਾਰ ਰੇਲ ਸਹੂਲਤ ਨਾਲ ਜੋੜੇਗੀ।
ਇਹ ਨਵੀਂ ਵੰਦੇ ਭਾਰਤ ਟ੍ਰੇਨ ਫਿਰੋਜ਼ਪੁਰ ਤੋਂ ਚੱਲ ਕੇ ਦਿੱਲੀ ਤੱਕ ਜਾਵੇਗੀ, ਜਿਸ ਦਾ ਰੂਟ ਧੂਰੀ, ਅੰਬਾਲਾ ਅਤੇ ਕੁਰੂਕਸ਼ੇਤਰ ਰਾਹੀਂ ਹੋਵੇਗਾ। ਇਸ ਟ੍ਰੇਨ ਦਾ ਇੱਕ ਮਹੱਤਵਪੂਰਨ ਸਟੇਸ਼ਨ ਬਠਿੰਡਾ ਵੀ ਹੋਵੇਗਾ, ਜਿੱਥੇ ਇਸ ਦਾ ਵਿਸ਼ੇਸ਼ ਸਵਾਗਤ ਕੀਤਾ ਗਿਆ। ਇਸ ਮੌਕੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੀ ਟ੍ਰੇਨ ’ਚ ਸਫ਼ਰ ਕਰਦੇ ਨਜ਼ਰ ਆਏ ਅਤੇ ਲੋਕਾਂ ਨਾਲ ਗੱਲਬਾਤ ਕੀਤੀ।
ਬਿੱਟੂ ਨੇ ਕਿਹਾ ਕਿ ਇਹ ਟ੍ਰੇਨ ਪੰਜਾਬ ਵਾਸੀਆਂ ਲਈ ਇਕ ਵੱਡੀ ਤੋਹਫ਼ਾ ਹੈ, ਕਿਉਂਕਿ ਸੂਬੇ ਨੂੰ ਕਾਫ਼ੀ ਸਮੇਂ ਤੋਂ ਅਜਿਹੀਆਂ ਤੇਜ਼ ਰਫ਼ਤਾਰ ਅਤੇ ਸੁੱਖ ਸਹੂਲਤ ਵਾਲੀਆਂ ਟ੍ਰੇਨਾਂ ਦੀ ਲੋੜ ਸੀ। ਉਨ੍ਹਾਂ ਦੱਸਿਆ ਕਿ ਵੰਦੇ ਭਾਰਤ ਟ੍ਰੇਨ ਅਤਿਆਧੁਨਿਕ ਤਕਨੀਕ ਨਾਲ ਤਿਆਰ ਕੀਤੀ ਗਈ ਹੈ, ਜੋ 160 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਦੌੜ ਸਕਦੀ ਹੈ। ਇਸ ਵਿੱਚ ਐਂਟੀ-ਕਾਲੀਜਨ ਸਿਸਟਮ, ਐਮਰਜੈਂਸੀ ਮੈਡੀਕਲ ਸਹਾਇਤਾ ਟੀਮ ਅਤੇ ਹਰ ਡਿੱਬੇ ਵਿੱਚ ਮਾਈਕ ਸਿਸਟਮ ਦੀ ਸਹੂਲਤ ਹੈ, ਤਾਂ ਜੋ ਯਾਤਰੀਆਂ ਦੀ ਹਰ ਛੋਟੀ-ਵੱਡੀ ਸਮੱਸਿਆ ਦਾ ਤੁਰੰਤ ਹੱਲ ਹੋ ਸਕੇ।
ਮੰਤਰੀ ਨੇ ਇਹ ਵੀ ਖੁਲਾਸਾ ਕੀਤਾ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਹੁਣ ਰੇਲ ਮਾਰਗ ਰਾਹੀਂ ਜੋੜਨ ਦੀ ਯੋਜਨਾ ’ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਨਾਲ ਸਿਰਫ਼ ਧਾਰਮਿਕ ਯਾਤਰਾ ਹੀ ਨਹੀਂ, ਸੂਬੇ ਦਾ ਪਰਟਨ ਅਤੇ ਆਰਥਿਕ ਵਿਕਾਸ ਵੀ ਤੇਜ਼ ਹੋਵੇਗਾ।
ਇਸ ਤੋਂ ਇਲਾਵਾ, ਰਾਜਪੁਰਾ ਤੋਂ ਚੰਡੀਗੜ੍ਹ ਤੱਕ ਨਵੀਂ ਰੇਲਵੇ ਲਾਈਨ ਨੂੰ ਕੇਂਦਰ ਵੱਲੋਂ ਹਰੀ ਝੰਡੀ ਮਿਲ ਚੁੱਕੀ ਹੈ। ਪੰਜਾਬ ਦੇ ਕਈ ਹੋਰ ਖੇਤਰਾਂ ਵਿੱਚ ਵੀ ਨਵੀਆਂ ਰੇਲ ਲਾਈਨਾਂ ਵਿਛਾਈਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਰੇਲ ਸਹੂਲਤ ਮਿਲ ਸਕੇ।
ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਸੂਬੇ ਵਿੱਚ ਵਿਕਾਸ ਪ੍ਰੋਜੈਕਟਾਂ ਦੀ ਬੌਛਾਰ ਕਰ ਰਹੀ ਹੈ, ਜਿਸ ਨਾਲ ਲੋਕਾਂ ਨੂੰ ਇਹ ਮਹਿਸੂਸ ਹੋਵੇ ਕਿ ਪੰਜਾਬ ਦੀ ਤਰੱਕੀ ਵਿੱਚ ਕੇਂਦਰ ਦੀ ਸਰਗਰਮ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਵੰਦੇ ਭਾਰਤ ਵਰਗੀਆਂ ਟ੍ਰੇਨਾਂ ਨਾਲ ਪੰਜਾਬ ਦੇ ਆਮ ਲੋਕਾਂ ਨੂੰ ਤੇਜ਼, ਸੁੱਖ ਅਤੇ ਆਧੁਨਿਕ ਯਾਤਰਾ ਦਾ ਤਜ਼ਰਬਾ ਮਿਲੇਗਾ।

