ਜਲੰਧਰ ਦੇ ਰਹਿਣ ਵਾਲੇ 40 ਸਾਲਾ ਸਵਰਨਜੀਤ ਸਿੰਘ ਖਾਲਸਾ ਨੇ ਵਿਦੇਸ਼ੀ ਧਰਤੀ ‘ਤੇ ਸਿੱਖ ਕੌਮ ਅਤੇ ਪੰਜਾਬ ਦਾ ਨਾਂ ਰੌਸ਼ਨ ਕਰ ਦਿੱਤਾ ਹੈ। ਉਹ ਅਮਰੀਕਾ ਦੇ ਕਨੈਕਟੀਕਟ ਰਾਜ ਦੇ ਨੌਰਵਿਚ ਸ਼ਹਿਰ ਦੇ ਮੇਅਰ ਵਜੋਂ ਚੁਣੇ ਜਾਣ ਵਾਲੇ ਪਹਿਲੇ ਸਿੱਖ ਬਣ ਗਏ ਹਨ। ਇਹ ਇਤਿਹਾਸਕ ਜਿੱਤ ਨਾ ਸਿਰਫ਼ ਸਿੱਖ ਭਾਈਚਾਰੇ ਲਈ ਮਾਣ ਦੀ ਗੱਲ ਹੈ, ਸਗੋਂ ਪੂਰੇ ਭਾਰਤ ਲਈ ਵੀ ਇੱਕ ਗੌਰਵਸ਼ਾਲੀ ਪਲ ਹੈ।
ਨੌਰਵਿਚ ਦੇ ਪਹਿਲੇ ਸਿੱਖ ਮੇਅਰ
ਸਵਰਨਜੀਤ ਸਿੰਘ ਖਾਲਸਾ, ਜੋ ਡੈਮੋਕ੍ਰੇਟਿਕ ਪਾਰਟੀ ਨਾਲ ਸੰਬੰਧਿਤ ਹਨ, ਨੇ ਹਾਲੀਆ ਚੋਣਾਂ ਵਿੱਚ ਤਿੰਨ ਉਮੀਦਵਾਰਾਂ ਵਿੱਚੋਂ ਬਹੁਮਤ ਹਾਸਲ ਕੀਤਾ। ਉਨ੍ਹਾਂ ਨੇ ਰਿਪਬਲਿਕਨ ਟਰੇਸੀ ਗੋਲਡ ਅਤੇ ਆਜ਼ਾਦ ਉਮੀਦਵਾਰ ਮਾਰਸੀਆ ਵਿਲਬਰ ਨੂੰ ਹਰਾਇਆ। ਖਾਲਸਾ ਪਹਿਲਾਂ 2021 ਵਿੱਚ ਸਿਟੀ ਕੌਂਸਲ ਦੇ ਮੈਂਬਰ ਵਜੋਂ ਚੁਣੇ ਗਏ ਸਨ ਅਤੇ ਉੱਥੇ ਆਪਣੇ ਸਮਾਜਿਕ ਤੇ ਸੱਭਿਆਚਾਰਕ ਕੰਮਾਂ ਕਾਰਨ ਚਰਚਾ ਵਿੱਚ ਰਹੇ।
ਕੌਣ ਹਨ ਸਵਰਨਜੀਤ ਸਿੰਘ ਖਾਲਸਾ
ਸਵਰਨਜੀਤ ਸਿੰਘ ਜਲੰਧਰ ਦੇ ਨਿਵਾਸੀ ਹਨ ਅਤੇ ਉਹ ਨੌਰਵਿਚ ਦੇ ਪ੍ਰਮੁੱਖ ਸਿੱਖ ਨੇਤਾ ਪਰਮਿੰਦਰਪਾਲ ਸਿੰਘ ਖਾਲਸਾ ਦੇ ਪੁੱਤਰ ਹਨ, ਜੋ ਸਿੱਖ ਇੰਟਰਨੈਸ਼ਨਲ ਸੋਸਾਇਟੀ ਦੀ ਨੁਮਾਇੰਦਗੀ ਕਰਦੇ ਹਨ। ਪਰਮਿੰਦਰਪਾਲ ਸਿੰਘ ਨੇ ਆਪਣੇ ਪੁੱਤਰ ਦੀ ਜਿੱਤ ’ਤੇ ਮਾਣ ਪ੍ਰਗਟ ਕਰਦੇ ਹੋਏ ਕਿਹਾ ਕਿ ਸਵਰਨਜੀਤ ਦੀ ਇਹ ਸਫਲਤਾ ਸਿੱਖ ਕੌਮ ਦੀ ਵਿਸ਼ਵ ਪੱਧਰ ’ਤੇ ਵਧ ਰਹੀ ਸਵੀਕਾਰਤਾ ਦਾ ਪ੍ਰਤੀਕ ਹੈ।
ਸਿੱਖਿਆ ਅਤੇ ਅਮਰੀਕਾ ਤੱਕ ਦਾ ਸਫਰ
ਸਵਰਨਜੀਤ ਨੇ ਜਲੰਧਰ ਦੇ ਡੀਏਵੀ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਤੋਂ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕੀਤੀ। ਉਸ ਤੋਂ ਬਾਅਦ ਉਹ ਸਟੱਡੀ ਵੀਜ਼ਾ ’ਤੇ ਅਮਰੀਕਾ ਚਲੇ ਗਏ ਅਤੇ ਉੱਥੇ ਕੰਪਿਊਟਰ ਸਾਇੰਸ ਵਿੱਚ ਮਾਸਟਰਜ਼ ਕੀਤਾ। ਸਵਰਨਜੀਤ ਦਾ ਵਿਆਹ ਇੱਕ ਸਿੱਖ ਮਹਿਲਾ ਨਾਲ ਹੋਇਆ, ਜੋ ਲੁਧਿਆਣਾ ਦੀ ਰਹਿਣ ਵਾਲੀ ਹੈ। ਵਿਆਹ ਤੋਂ ਬਾਅਦ ਦੋਵੇਂ ਨੌਰਵਿਚ ਵਿੱਚ ਹੀ ਸੈਟਲ ਹੋ ਗਏ।
ਸਮਾਜਿਕ ਤੇ ਰਾਜਨੀਤਿਕ ਯੋਗਦਾਨ
ਸਵਰਨਜੀਤ ਸਿੰਘ ਖਾਲਸਾ ਇੱਕ ਕਾਮਯਾਬ ਉਦਮੀ ਹਨ, ਜੋ ਨੌਰਵਿਚ ਵਿੱਚ ਉਸਾਰੀ ਦਾ ਕਾਰੋਬਾਰ ਚਲਾਉਂਦੇ ਹਨ। ਉਹ ਸਿੱਖਿਆ ਬੋਰਡ ਦੇ ਮੈਂਬਰ ਵਜੋਂ ਵੀ ਸੇਵਾ ਨਿਭਾ ਚੁੱਕੇ ਹਨ ਅਤੇ ਸਮਾਜ ਵਿੱਚ ਸਮਾਨਤਾ, ਭਾਈਚਾਰਕ ਇਕਤਾ ਅਤੇ ਸੱਭਿਆਚਾਰਕ ਜਾਗਰੂਕਤਾ ਲਈ ਲਗਾਤਾਰ ਕੰਮ ਕਰ ਰਹੇ ਹਨ। ਉਨ੍ਹਾਂ ਦੀ ਮੇਅਰ ਵਜੋਂ ਚੋਣ ਇਸ ਗੱਲ ਦੀ ਗਵਾਹੀ ਹੈ ਕਿ ਸਿੱਖ ਭਾਈਚਾਰਾ ਵਿਦੇਸ਼ਾਂ ਵਿੱਚ ਵੀ ਆਪਣੀ ਮਿਹਨਤ ਅਤੇ ਸਮਰਪਣ ਨਾਲ ਮਜ਼ਬੂਤ ਪਛਾਣ ਬਣਾ ਰਿਹਾ ਹੈ।
ਨੌਰਵਿਚ ਸ਼ਹਿਰ ਬਾਰੇ
ਨੌਰਵਿਚ ਅਮਰੀਕਾ ਦੇ ਕਨੈਕਟੀਕਟ ਰਾਜ ਵਿੱਚ ਸਥਿਤ ਹੈ, ਜੋ ਨਿਊ ਇੰਗਲੈਂਡ ਖੇਤਰ ਦਾ ਹਿੱਸਾ ਹੈ। ਇਹ ਖੇਤਰ ਉੱਚ ਜੀਵਨ ਮਿਆਰ ਅਤੇ ਪ੍ਰਤੀ ਵਿਅਕਤੀ ਆਮਦਨ ਲਈ ਮਸ਼ਹੂਰ ਹੈ। ਹੁਣ ਇਸ ਸ਼ਹਿਰ ਦਾ ਪ੍ਰਬੰਧ ਸੰਭਾਲਦੇ ਹੋਏ ਸਵਰਨਜੀਤ ਸਿੰਘ ਖਾਲਸਾ ਉਮੀਦ ਹੈ ਕਿ ਸਿੱਖਿਆ, ਰੋਜ਼ਗਾਰ ਅਤੇ ਸਮਾਜਿਕ ਵਿਕਾਸ ਵੱਲ ਨਵੇਂ ਯਤਨ ਕਰਨਗੇ।

