ਪੰਜਾਬ ਰੋਡਵੇਜ਼ ਦੇ ਮੁਲਾਜ਼ਮ ਦੀ ਮੌਤ ਮਾਮਲੇ ਨੇ ਸੂਬੇ ਭਰ ਵਿੱਚ ਰੋਸ ਦੀ ਲਹਿਰ ਪੈਦਾ ਕਰ ਦਿੱਤੀ ਹੈ। ਮਾਮਲਾ ਲਗਾਤਾਰ ਤਪਦਾ ਜਾ ਰਿਹਾ ਹੈ ਅਤੇ ਇਸ ਦੇ ਵਿਰੋਧ ਵਿੱਚ ਪੰਜਾਬ ਰੋਡਵੇਜ਼ ਦੇ ਸਾਰੇ ਡਿਪੂਆਂ ਨੂੰ ਅੱਜ ਮੁਲਾਜ਼ਮਾਂ ਵੱਲੋਂ ਪੂਰੀ ਤਰ੍ਹਾਂ ਬੰਦ ਰੱਖਿਆ ਗਿਆ ਹੈ। ਮੁਲਾਜ਼ਮਾਂ ਨੇ ਸਾਫ਼ ਕਰ ਦਿੱਤਾ ਹੈ ਕਿ ਜੇਕਰ ਸਰਕਾਰ ਨੇ ਜਲਦ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਸੂਬਾ ਪੱਧਰ ’ਤੇ ਵੱਡਾ ਸੰਘਰਸ਼ ਸ਼ੁਰੂ ਕਰਨਗੇ।
ਮਿਲੀ ਜਾਣਕਾਰੀ ਮੁਤਾਬਕ ਰੋਡਵੇਜ਼ ਯੂਨੀਅਨ ਦੇ ਆਗੂਆਂ ਦੀ ਮੰਗ ਹੈ ਕਿ ਮ੍ਰਿਤਕ ਬੱਸ ਡਰਾਈਵਰ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਉਸਦੀ ਪਤਨੀ ਨੂੰ ਸਰਕਾਰੀ ਨੌਕਰੀ ਪ੍ਰਦਾਨ ਕੀਤੀ ਜਾਵੇ।
ਮੁਲਾਜ਼ਮਾਂ ਦਾ ਕਹਿਣਾ ਹੈ ਕਿ “ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਹਲਕੇ ਦੇ ਇੱਕ ਬੱਸ ਡਰਾਈਵਰ ਦੀ ਮੌਤ ’ਤੇ ਉਸਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਸੀ, ਪਰ ਹੁਣ ਇਸ ਮਾਮਲੇ ਵਿੱਚ ਸਰਕਾਰ ਚੁੱਪ ਕਿਉਂ ਹੈ? ਕੀ ਇਹ ਵਿਤਕਰਾ ਨਹੀਂ?” ਉਨ੍ਹਾਂ ਨੇ ਦੋਸ਼ ਲਗਾਇਆ ਕਿ ਵਿਭਾਗ ਵੱਲੋਂ ਵੀ ਮਦਦ ਦੇ ਨਾਂ ’ਤੇ ਸਿਰਫ਼ ਅਸਹਾਇਤਾ ਹੀ ਦਿੱਤੀ ਜਾ ਰਹੀ ਹੈ।
ਪੰਜਾਬ ਰੋਡਵੇਜ਼ ਦੇ ਸੀਨੀਅਰ ਆਗੂ ਵਿਕਰਮ ਸਿੰਘ ਨੇ ਕਿਹਾ ਕਿ “ਮ੍ਰਿਤਕ ਡਰਾਈਵਰ ਦੀ ਲਾਸ਼ ਕੁਝ ਘੰਟਿਆਂ ਵਿੱਚ ਜਲੰਧਰ ਪਹੁੰਚ ਜਾਵੇਗੀ। ਜੇਕਰ ਉਸ ਤੋਂ ਪਹਿਲਾਂ ਸਰਕਾਰ ਵੱਲੋਂ ਕੋਈ ਹੱਲ ਨਹੀਂ ਕੱਢਿਆ ਗਿਆ ਤਾਂ ਸਾਰੇ ਡਿਪੂ ਬੰਦ ਰਹਿਣਗੇ ਅਤੇ ਸੂਬੇ ਭਰ ਦੀਆਂ ਸੜਕਾਂ ਜਾਮ ਕੀਤੀਆਂ ਜਾਣਗੀਆਂ।”
ਯਾਦ ਰਹੇ ਕਿ ਇਹ ਦੁਖਦਾਈ ਘਟਨਾ ਤਦ ਵਾਪਰੀ ਜਦੋਂ ਬੱਸ ਡਰਾਈਵਰ ਅਤੇ ਕਾਰ ਡਰਾਈਵਰ ਵਿਚਕਾਰ ਰਸਤੇ ਵਿੱਚ ਬਹਿਸ ਹੋ ਗਈ ਸੀ। ਝਗੜਾ ਇੰਨਾ ਵਧ ਗਿਆ ਕਿ ਕਾਰ ਡਰਾਈਵਰ ਨੇ ਗੁੱਸੇ ਵਿੱਚ ਆ ਕੇ ਗੱਡੀ ਵਿੱਚੋਂ ਲੋਹੇ ਦੀ ਰਾਡ ਕੱਢ ਕੇ ਬੱਸ ਡਰਾਈਵਰ ’ਤੇ ਲਗਾਤਾਰ ਹਮਲੇ ਕਰ ਦਿੱਤੇ।
ਜ਼ਖਮੀ ਡਰਾਈਵਰ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਜਾਣਕਾਰੀ ਮਿਲਣ ’ਤੇ ਪੰਜਾਬ ਰੋਡਵੇਜ਼ ਦੇ ਜਨਰਲ ਮੈਨੇਜਰ ਮਨਿੰਦਰ ਸਿੰਘ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ।
ਪੁਲਿਸ ਨੇ ਮੁਲਜ਼ਮ ਕਾਰ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਹੁਣ ਕਤਲ ਦੇ ਪਿੱਛੇ ਦੇ ਕਾਰਣਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਰੋਡਵੇਜ਼ ਮੁਲਾਜ਼ਮਾਂ ਵਿਚਕਾਰ ਗੁੱਸਾ ਅਤੇ ਨਾਰਾਜ਼ਗੀ ਸਪਸ਼ਟ ਤੌਰ ’ਤੇ ਦੇਖਣ ਨੂੰ ਮਿਲ ਰਹੀ ਹੈ।

