ਰੂਸ-ਯੂਕਰੇਨ ਜੰਗ ਦਾ ਅਸਰ ਹੁਣ ਭਾਰਤ ਦੇ ਕਈ ਘਰਾਂ ਤੱਕ ਪਹੁੰਚ ਗਿਆ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਵਿਦੇਸ਼ੀ ਰੋਜ਼ਗਾਰ ਜਾਂ ਪੜ੍ਹਾਈ ਲਈ ਰੂਸ ਗਏ 55 ਤੋਂ ਵੱਧ ਨੌਜਵਾਨ ਅੱਜ ਜੰਗ ਦੇ ਮੈਦਾਨਾਂ ਵਿੱਚ ਫਸੇ ਹੋਏ ਹਨ। ਇਨ੍ਹਾਂ ਨੌਜਵਾਨਾਂ ਦੇ ਪਰਿਵਾਰਾਂ ਨੇ ਸੋਮਵਾਰ ਨੂੰ ਦਿੱਲੀ ਦੇ ਜੰਤਰ-ਮੰਤਰ ‘ਤੇ ਇਕੱਠੇ ਹੋ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਅਤੇ ਕੇਂਦਰ ਸਰਕਾਰ ਤੋਂ ਆਪਣੇ ਬੱਚਿਆਂ ਦੀ ਸੁਰੱਖਿਅਤ ਤੇ ਤੁਰੰਤ ਵਾਪਸੀ ਦੀ ਮੰਗ ਕੀਤੀ।
ਪਰਿਵਾਰਾਂ ਦਾ ਕਹਿਣਾ ਹੈ ਕਿ ਇਹ ਸਾਰੇ ਨੌਜਵਾਨ ਧੋਖੇ ਨਾਲ ਰੂਸੀ ਫੌਜ ਵਿੱਚ ਭਰਤੀ ਕੀਤੇ ਗਏ ਸਨ ਅਤੇ ਉਨ੍ਹਾਂ ਨੂੰ ਯੂਕਰੇਨ ਦੇ ਜੰਗੀ ਖੇਤਰਾਂ ਵਿੱਚ ਭੇਜ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ, ਹਰਿਆਣਾ ਦੇ ਛੇ ਨੌਜਵਾਨ ਇਸ ਸਮੇਂ ਜੰਗ ਵਿੱਚ ਫਸੇ ਹੋਏ ਹਨ—ਜਿਨ੍ਹਾਂ ਵਿੱਚ ਫਤਿਹਾਬਾਦ, ਕੈਥਲ, ਹਿਸਾਰ, ਰੋਹਤਕ ਅਤੇ ਜੀਂਦ ਦੇ ਨੌਜਵਾਨ ਸ਼ਾਮਲ ਹਨ। ਹਿਸਾਰ ਜ਼ਿਲ੍ਹੇ ਦੇ ਮਦਨਹੇਰੀ ਪਿੰਡ ਦਾ ਰਹਿਣ ਵਾਲਾ ਅਮਨ ਸਭ ਤੋਂ ਵੱਧ ਚਰਚਾ ਵਿੱਚ ਹੈ ਕਿਉਂਕਿ ਉਸੇ ਪਿੰਡ ਦੇ ਇੱਕ ਹੋਰ ਨੌਜਵਾਨ ਸੋਨੂ ਦੀ ਯੁੱਧ ਦੌਰਾਨ ਮੌਤ ਹੋ ਗਈ ਹੈ।
ਅਮਨ ਦੀ ਮਾਂ ਸੁਮਨ ਦੇਵੀ ਨੇ ਰੋਂਦਿਆਂ ਦੱਸਿਆ ਕਿ ਉਸਦਾ ਪੁੱਤਰ 2024 ਵਿੱਚ ਸਟੱਡੀ ਵੀਜ਼ਾ ‘ਤੇ ਰੂਸ ਗਿਆ ਸੀ, ਪਰ ਉੱਥੋਂ ਦੇ ਏਜੰਟਾਂ ਨੇ ਉਸਨੂੰ ਧੋਖੇ ਨਾਲ ਫੌਜ ਵਿੱਚ ਭਰਤੀ ਕਰ ਲਿਆ। ਉਸਨੇ ਆਪਣੀ ਆਖਰੀ ਵੀਡੀਓ ਵਿੱਚ ਕਿਹਾ ਸੀ ਕਿ ਸਥਿਤੀ ਬਹੁਤ ਖਰਾਬ ਹੈ ਅਤੇ ਕਿਸੇ ਵੀ ਵੇਲੇ ਮੌਤ ਹੋ ਸਕਦੀ ਹੈ। ਉਸ ਤੋਂ ਬਾਅਦ ਪਰਿਵਾਰ ਦਾ ਸੰਪਰਕ ਟੁੱਟ ਗਿਆ।
ਇਸੇ ਤਰ੍ਹਾਂ ਫਤਿਹਾਬਾਦ ਦੇ ਕੁਮਹਰੀਆ ਪਿੰਡ ਦੇ ਦੋ ਨੌਜਵਾਨ, ਅੰਕਿਤ ਜਾਂਗਰਾ ਅਤੇ ਵਿਜੇ ਪੂਨੀਆ, ਵੀ ਰੂਸ ਵਿੱਚ ਫਸੇ ਹੋਏ ਹਨ। ਅੰਕਿਤ ਸਟੱਡੀ ਵੀਜ਼ਾ ‘ਤੇ ਫਰਵਰੀ ਵਿੱਚ ਰੂਸ ਗਿਆ ਸੀ ਅਤੇ ਇੱਕ ਰੈਸਟੋਰੈਂਟ ਵਿੱਚ ਕੰਮ ਕਰਦਾ ਸੀ, ਜਦਕਿ ਵਿਜੇ ਪੂਨੀਆ ਕਾਰੋਬਾਰੀ ਵੀਜ਼ੇ ‘ਤੇ ਗਿਆ ਸੀ। ਇੱਕ ਰੂਸੀ ਔਰਤ ਨੇ ਉਸਨੂੰ ਨੌਕਰੀ ਦੇ ਨਾਂ ‘ਤੇ ਫੌਜ ਵਿੱਚ ਸ਼ਾਮਲ ਕਰਵਾ ਦਿੱਤਾ ਅਤੇ ਦੋਵਾਂ ਨੂੰ 20 ਅਗਸਤ ਨੂੰ ਯੂਕਰੇਨ ਭੇਜ ਦਿੱਤਾ ਗਿਆ ਸੀ। ਤਬ ਤੋਂ ਪਰਿਵਾਰਾਂ ਦਾ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ।
ਪਰਿਵਾਰਾਂ ਦਾ ਰੋਸ ਤੇ ਮੰਗਾਂ
ਪਰਿਵਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਸਿੱਖਿਆ ਅਤੇ ਬਿਹਤਰ ਜੀਵਨ ਲਈ ਵਿਦੇਸ਼ ਭੇਜਿਆ ਸੀ, ਪਰ ਏਜੰਟਾਂ ਨੇ ਉਨ੍ਹਾਂ ਦੀ ਜ਼ਿੰਦਗੀ ਨਾਲ ਖੇਡ ਕਰ ਦਿੱਤੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਰਕਾਰ ਨੂੰ ਏਜੰਟਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਵਿਦੇਸ਼ਾਂ ਵਿੱਚ ਫਸੇ ਸਾਰੇ ਨੌਜਵਾਨਾਂ ਨੂੰ ਤੁਰੰਤ ਵਾਪਸ ਲਿਆਂਦਾ ਜਾਵੇ।
ਜੈ ਭਗਵਾਨ, ਜੋ ਇਸ ਮੁਹਿੰਮ ਦੀ ਅਗਵਾਈ ਕਰ ਰਹੇ ਹਨ, ਨੇ ਦੱਸਿਆ ਕਿ ਉਨ੍ਹਾਂ ਦੀ ਵਿਦੇਸ਼ ਮੰਤਰਾਲੇ ਦੇ ਸਹਾਇਕ ਸਕੱਤਰ ਵਿਦਯੁਤ ਨਾਥ ਪਾਂਡੇ ਨਾਲ ਮੁਲਾਕਾਤ ਹੋਈ ਹੈ। ਪਾਂਡੇ ਨੇ ਭਰੋਸਾ ਦਿੱਤਾ ਕਿ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਰੂਸ ਦਾ ਦੌਰਾ ਕਰਨਗੇ ਅਤੇ ਇਹ ਮਾਮਲਾ ਰੂਸੀ ਸਰਕਾਰ ਦੇ ਸਾਹਮਣੇ ਉਠਾਇਆ ਜਾਵੇਗਾ।
ਪ੍ਰਦਰਸ਼ਨਕਾਰੀ ਪਰਿਵਾਰਾਂ ਨੇ ਕਿਹਾ ਕਿ ਉਹ ਅਗਲੇ 10 ਦਿਨਾਂ ਤੱਕ ਸਰਕਾਰੀ ਕਾਰਵਾਈ ਦੀ ਉਡੀਕ ਕਰਨਗੇ। ਜੇਕਰ ਇਸ ਸਮੇਂ ਤੱਕ ਕੋਈ ਠੋਸ ਕਦਮ ਨਾ ਚੁੱਕਿਆ ਗਿਆ ਤਾਂ ਉਹ ਆਪਣਾ ਅੰਦੋਲਨ ਹੋਰ ਤੇਜ਼ ਕਰਨਗੇ।
ਇਨ੍ਹਾਂ ਸਾਰੇ ਮਾਮਲਿਆਂ ਨੇ ਇੱਕ ਵਾਰ ਫਿਰ ਇਹ ਸਵਾਲ ਖੜ੍ਹਾ ਕੀਤਾ ਹੈ ਕਿ ਕਿਵੇਂ ਵਿਦੇਸ਼ੀ ਏਜੰਟਾਂ ਦੁਆਰਾ ਨੌਜਵਾਨਾਂ ਨੂੰ ਝੂਠੇ ਸੁਪਨੇ ਵਿਖਾ ਕੇ ਖਤਰਨਾਕ ਹਾਲਾਤਾਂ ਵਿੱਚ ਧੱਕਿਆ ਜਾ ਰਿਹਾ ਹੈ ਅਤੇ ਇਸ ਬਾਰੇ ਭਾਰਤੀ ਸਰਕਾਰ ਨੂੰ ਹੁਣ ਤੁਰੰਤ ਗੰਭੀਰ ਕਦਮ ਚੁੱਕਣੇ ਚਾਹੀਦੇ ਹਨ।

