ਗੁਰਦਾਸਪੁਰ ਦੇ ਪਿੰਡ ਉਮਰਪੁਰਾ ਨਵੀਂ ਆਬਾਦੀ ਨਾਲ ਸੰਬੰਧਤ 32 ਸਾਲਾ ਨੌਜਵਾਨ ਸੁਖਦੇਵ ਸਿੰਘ ਉਰਫ ਜੋਬਨ ਦੀ ਕੈਨੇਡਾ ਵਿੱਚ ਹੋਏ ਇਕ ਦਰਦਨਾਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਦੋ ਸਾਲ ਪਹਿਲਾਂ ਚੰਗੇ ਭਵਿੱਖ ਦੇ ਸੁਪਨੇ ਸਜਾ ਕੇ ਆਪਣੀ ਪਤਨੀ ਨਾਲ ਕੈਨੇਡਾ ਗਿਆ ਇਹ ਨੌਜਵਾਨ, ਹੁਣ ਹਮੇਸ਼ਾ ਲਈ ਚਲਾ ਗਿਆ ਹੈ।
ਸੁਖਦੇਵ ਸਿੰਘ ਦੇ ਪਰਿਵਾਰ ਮੁਤਾਬਕ, ਉਹ ਸਪਾਂਸਰ ਵੀਜ਼ੇ ’ਤੇ ਆਪਣੀ ਪਤਨੀ ਨਾਲ ਕੈਨੇਡਾ ਗਿਆ ਸੀ ਅਤੇ ਬਰੈਂਪਟਨ ਸ਼ਹਿਰ ਵਿੱਚ ਰਹਿ ਰਿਹਾ ਸੀ। ਉੱਥੇ ਉਹ ਇਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਸੀ ਅਤੇ ਜੀਵਨ ਨੂੰ ਸੁਧਾਰਨ ਲਈ ਦਿਨ-ਰਾਤ ਮਿਹਨਤ ਕਰਦਾ ਸੀ। ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
ਬੀਤੇ ਦਿਨ ਜਦੋਂ ਸੁਖਦੇਵ ਸਿੰਘ ਆਪਣੀ ਡਿਊਟੀ ਮੁਕਾ ਕੇ ਘਰ ਵਾਪਸ ਆ ਰਿਹਾ ਸੀ, ਉਸਦੀ ਗੱਡੀ ਨੂੰ ਰਸਤੇ ਵਿੱਚ ਇੱਕ ਹੋਰ ਵਾਹਨ ਨੇ ਟੱਕਰ ਮਾਰੀ। ਟੱਕਰ ਇੰਨੀ ਭਿਆਨਕ ਸੀ ਕਿ ਮੌਕੇ ‘ਤੇ ਹੀ ਉਸਦੀ ਮੌਤ ਹੋ ਗਈ। ਇਸ ਦਰਦਨਾਕ ਘਟਨਾ ਦੀ ਖ਼ਬਰ ਮਿਲਦੇ ਹੀ ਪਰਿਵਾਰ ਵਿੱਚ ਮਾਤਮ ਪਸਰ ਗਿਆ।
ਮ੍ਰਿਤਕ ਦੇ ਪਿਤਾ ਸਤਨਾਮ ਸਿੰਘ, ਮਾਤਾ ਲਖਬੀਰ ਕੌਰ ਅਤੇ ਰਿਸ਼ਤੇਦਾਰ ਹਰਜਿੰਦਰ ਸਿੰਘ ਨੇ ਦੁੱਖ ਭਰੀ ਆਵਾਜ਼ ਵਿੱਚ ਦੱਸਿਆ ਕਿ ਸੁਖਦੇਵ ਸਿੰਘ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਉਹ ਆਪਣੇ ਪਿੱਛੇ ਬਜ਼ੁਰਗ ਮਾਪਿਆਂ ਤੋਂ ਇਲਾਵਾ ਆਪਣੀ ਪਤਨੀ ਅਤੇ ਤਿੰਨ ਮਹੀਨੇ ਦੀ ਨਿੱਕੀ ਬੇਟੀ ਨੂੰ ਛੱਡ ਗਿਆ ਹੈ, ਜੋ ਹੁਣ ਪਿਤਾ ਦੇ ਚਿਹਰੇ ਤੋਂ ਬਿਨਾ ਵੱਡੀ ਹੋਵੇਗੀ।
ਪਰਿਵਾਰ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਸੁਖਦੇਵ ਸਿੰਘ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਵਤਨ ਵਾਪਸ ਲਿਆਂਦਾ ਜਾਵੇ ਤਾਂ ਜੋ ਉਸਦੇ ਪਰਿਵਾਰ ਨੂੰ ਅੰਤਿਮ ਦਰਸ਼ਨ ਕਰਣ ਦਾ ਮੌਕਾ ਮਿਲ ਸਕੇ। ਸਥਾਨਕ ਲੋਕਾਂ ਵੱਲੋਂ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ ਅਤੇ ਸਮਾਜਕ ਸੰਗਠਨਾਂ ਨੇ ਇਸ ਪਰਿਵਾਰ ਦੀ ਸਹਾਇਤਾ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ।
ਇਹ ਘਟਨਾ ਦੁਬਾਰਾ ਇਹ ਦਰਸਾਉਂਦੀ ਹੈ ਕਿ ਰੋਜ਼ਗਾਰ ਅਤੇ ਭਵਿੱਖ ਦੀ ਖਾਤਰ ਪਰਦੇਸ ਜਾਣ ਵਾਲੇ ਕਈ ਪੰਜਾਬੀ ਨੌਜਵਾਨ ਕਿੰਨੀ ਮੁਸ਼ਕਲਾਂ ਅਤੇ ਖ਼ਤਰਨਾਕ ਹਾਲਾਤਾਂ ਦਾ ਸਾਹਮਣਾ ਕਰਦੇ ਹਨ। ਜੋ ਪਰਿਵਾਰ ਆਪਣੇ ਪੁੱਤਰ ਨੂੰ ਸੁਪਨੇ ਸਜਾ ਕੇ ਵਿਦੇਸ਼ ਭੇਜਦਾ ਹੈ, ਉਹ ਅਕਸਰ ਉਸਦੀ ਬੇਮੌਤ ਮੌਤ ਦੀ ਖ਼ਬਰ ਸੁਣ ਕੇ ਹੀ ਟੁੱਟ ਜਾਂਦਾ ਹੈ।

