ਬਠਿੰਡਾ–ਚੰਡੀਗੜ੍ਹ ਨੈਸ਼ਨਲ ਹਾਈਵੇ ‘ਤੇ ਤੇਜ਼ ਰਫਤਾਰ ਦਾ ਕਹਿਰ ਇੱਕ ਵਾਰ ਫਿਰ ਦੇਖਣ ਨੂੰ ਮਿਲਿਆ ਹੈ। ਇਹ ਦਿਲ ਦਹਿਲਾ ਦੇਣ ਵਾਲਾ ਹਾਦਸਾ ਰਾਮਪੁਰਾ ਦੇ ਨੇੜੇ ਪਿੰਡ ਜੇਠੂਕੇ ਕੋਲ ਵਾਪਰਿਆ, ਜਿੱਥੇ ਇੱਕ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਸਵਾਰ ਨੂੰ ਪਿੱਛੋਂ ਜਬਰਦਸਤ ਟੱਕਰ ਮਾਰੀ। ਹਾਦਸੇ ਵਿੱਚ ਮੋਟਰਸਾਈਕਲ ਸਵਾਰ ਚਮਨਦੀਪ ਸਿੰਘ (ਉਮਰ 49 ਸਾਲ) ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਟੱਕਰ ਮਾਰਨ ਵਾਲਾ ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਮਿਲੀ ਜਾਣਕਾਰੀ ਅਨੁਸਾਰ, ਚਮਨਦੀਪ ਸਿੰਘ, ਜੋ ਕਿ ਬਾਜ਼ੀਗਰ ਬਸਤੀ ਤਪਾ ਮੰਡੀ ਦਾ ਰਹਿਣ ਵਾਲਾ ਸੀ ਅਤੇ ਪੇਸ਼ੇ ਨਾਲ ਟਰੱਕ ਡਰਾਈਵਰ ਸੀ, ਸ਼ਨੀਵਾਰ ਸਵੇਰੇ ਆਪਣੇ ਮੋਟਰਸਾਈਕਲ ‘ਤੇ ਤਪਾ ਤੋਂ ਰਾਮਪੁਰਾ ਜਾ ਰਿਹਾ ਸੀ। ਜਦ ਉਹ ਜੇਠੂਕੇ ਪਿੰਡ ਦੇ ਨੇੜੇ ਪਹੁੰਚਿਆ, ਤਾਂ ਪਿੱਛੋਂ ਆਏ ਤੇਜ਼ ਰਫਤਾਰ ਅਣਪਛਾਤੇ ਵਾਹਨ ਨੇ ਉਸਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇਨੀ ਭਿਆਨਕ ਸੀ ਕਿ ਚਮਨਦੀਪ ਸਿੰਘ ਕੁਝ ਦੂਰੀ ਤੱਕ ਘਸੀਟਿਆ ਗਿਆ ਅਤੇ ਮੌਕੇ ‘ਤੇ ਹੀ ਉਸ ਦੀ ਜਾਨ ਚਲੀ ਗਈ।
ਹਾਦਸੇ ਤੋਂ ਬਾਅਦ ਮੌਕੇ ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਪੁਲਿਸ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਕਿਉਂਕਿ ਨੈਸ਼ਨਲ ਹਾਈਵੇ ਉੱਤੇ ਹੀ ਨੇੜੇ ਹਾਈ-ਟੈਕ ਨਾਕਾ ਹੋਣ ਦੀ ਜਾਣਕਾਰੀ ਮਿਲੀ ਹੈ, ਜਿੱਥੋਂ ਸੰਭਾਵਨਾ ਹੈ ਕਿ ਟੱਕਰ ਮਾਰਨ ਵਾਲਾ ਵਾਹਨ ਲੰਘਿਆ ਹੋਵੇ।
ਮ੍ਰਿਤਕ ਦੀ ਪਹਿਚਾਣ ਚਮਨਦੀਪ ਸਿੰਘ ਬਾਜ਼ੀਗਰ ਬਸਤੀ ਤਪਾ ਮੰਡੀ ਵਜੋਂ ਹੋਈ ਹੈ। ਪਰਿਵਾਰਕ ਸਰੋਤਾਂ ਮੁਤਾਬਕ, ਉਹ ਆਪਣੀ ਕੈਂਸਰ ਪੀੜਤ ਪਤਨੀ ਸੁਖਵਿੰਦਰ ਕੌਰ, ਇੱਕ ਪੁੱਤਰ ਅਤੇ ਇੱਕ ਧੀ ਦੀ ਦੇਖਭਾਲ ਕਰਦਾ ਸੀ। ਪੰਜ ਮਹੀਨੇ ਪਹਿਲਾਂ ਹੀ ਉਸ ਨੇ ਆਪਣੀ ਧੀ ਦਾ ਵਿਆਹ ਕੀਤਾ ਸੀ ਅਤੇ ਪੁੱਤਰ ਨੂੰ ਬੀ.ਟੈਕ ਦੀ ਪੜ੍ਹਾਈ ਕਰਵਾ ਰਿਹਾ ਸੀ।
ਚਮਨਦੀਪ ਦੀ ਅਚਾਨਕ ਮੌਤ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਪਰਿਵਾਰਕ ਮੈਂਬਰਾਂ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮਾਮਲੇ ਵਿੱਚ ਗਿੱਲ ਕਲਾਂ ਪੁਲਿਸ ਥਾਣੇ (ਰਾਮਪੁਰਾ ਸਦਰ) ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀ ਵਾਹਨ ਚਾਲਕ ਦੀ ਪਹਿਚਾਣ ਜਲਦੀ ਹੀ ਕਰ ਲਈ ਜਾਵੇਗੀ ਅਤੇ ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

