ਲੰਡਨ ‘ਚ ਸੋਥੇਬੀਜ਼ ਦੁਆਰਾ ਹੋਈ ਨਿਲਾਮੀ ‘ਚ ਟਿਪੂ ਸੁਲਤਾਨ ਲਈ ਬਣਾਈਆਂ ਗਈਆਂ ਦੋ ਪਿਸਤੌਲਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਖੂਬਸੂਰਤ ਪੇਂਟਿੰਗ ਨੇ ਇਤਿਹਾਸਕ ਰਿਕਾਰਡ ਤੋੜ ਦਿੱਤੇ।
ਇਸ ਹਫ਼ਤੇ ਹੋਈ “ਆਰਟਸ ਆਫ਼ ਦ ਇਸਲਾਮਿਕ ਵਰਲਡ ਐਂਡ ਇੰਡੀਆ” ਨਿਲਾਮੀ ਨੇ ਕੁੱਲ £10 ਮਿਲੀਅਨ ਤੋਂ ਵੱਧ ਦੀ ਰਕਮ ਹਾਸਲ ਕੀਤੀ। ਇਨ੍ਹਾਂ ਵਿੱਚ ਭਾਰਤ ਨਾਲ ਸੰਬੰਧਤ ਦੋ ਵਿਰਲੇ ਆਈਟਮਾਂ ਨੇ ਸਭ ਤੋਂ ਵੱਧ ਧਿਆਨ ਖਿੱਚਿਆ।
ਟਿਪੂ ਸੁਲਤਾਨ ਦੀਆਂ ਚਾਂਦੀ ਨਾਲ ਮਾਊਂਟ ਕੀਤੀਆਂ ਗਈਆਂ ਫ਼ਲਿੰਟਲਾਕ ਪਿਸਤੌਲਾਂ, ਜੋ 18ਵੀਂ ਸਦੀ ਦੇ ਮੈਸੂਰ ਦੇ ਸ਼ਾਸਕ ਲਈ ਖ਼ਾਸ ਤੌਰ ‘ਤੇ ਤਿਆਰ ਕੀਤੀਆਂ ਗਈਆਂ ਸਨ, ਇੱਕ ਪ੍ਰਾਈਵੇਟ ਕਲੈਕਟਰ ਵੱਲੋਂ £1.1 ਮਿਲੀਅਨ ‘ਚ ਖਰੀਦੀਆਂ ਗਈਆਂ — ਜੋ ਅਨੁਮਾਨਿਤ ਕੀਮਤ ਨਾਲੋਂ 14 ਗੁਣਾ ਜ਼ਿਆਦਾ ਹੈ।
ਦੂਜੇ ਪਾਸੇ, ਸਿੱਖ ਸਮਰਾਜ ਦੇ ਸੰਸਥਾਪਕ ਮਹਾਰਾਜਾ ਰਣਜੀਤ ਸਿੰਘ ਦੀ ਪੇਂਟਿੰਗ, ਜਿਸ ਵਿੱਚ ਉਹ ਲਾਹੌਰ ਦੇ ਬਾਜ਼ਾਰ ‘ਚ ਹਾਥੀ ‘ਤੇ ਸਵਾਰ ਹਨ, ਆਰਟਿਸਟ ਬਿਸ਼ਨ ਸਿੰਘ ਵੱਲੋਂ ਬਣਾਈ ਗਈ ਸੀ। ਇਹ ਪੇਂਟਿੰਗ ਇੱਕ ਸੰਸਥਾ ਵੱਲੋਂ £9,52,500 ‘ਚ ਖਰੀਦੀ ਗਈ ਅਤੇ ਇਹ ਸਿੱਖ ਕਲਾ ਲਈ ਨਵਾਂ ਰਿਕਾਰਡ ਸਾਬਤ ਹੋਈ।
ਸੋਥੇਬੀਜ਼ ਦੇ ਕੈਟਾਲਾਗ ਮੁਤਾਬਕ —
“ਇਹ ਬਹੁਤ ਹੀ ਸੁੰਦਰ ਪ੍ਰੋਸੈਸ਼ਨਲ ਦ੍ਰਿਸ਼ ਹੈ ਜਿਸ ‘ਚ ਮਹਾਰਾਜਾ ਰਣਜੀਤ ਸਿੰਘ ਆਪਣੇ ਸ਼ਾਨਦਾਰ ਦਰਬਾਰੀ ਜਥੇ ਨਾਲ ਬਾਜ਼ਾਰ ਵਿਚੋਂ ਗੁਜ਼ਰ ਰਹੇ ਹਨ। ਉਨ੍ਹਾਂ ਨਾਲ ਉਨ੍ਹਾਂ ਦੇ ਚੌਰੀਧਾਰੀ, ਛੱਤਰਧਾਰੀ, ਬਾਜ਼ ਰੱਖਣ ਵਾਲੇ, ਪੁੱਤਰ ਸ਼ੇਰ ਸਿੰਘ ਅਤੇ ਇਕ ਦਰਬਾਰੀ ਇਸਤ੍ਰੀ ਸਮੇਤ ਉਨ੍ਹਾਂ ਦੇ ਰਾਜਨੀਤਿਕ ਸਲਾਹਕਾਰ ਭਾਈ ਰਾਮ ਸਿੰਘ ਤੇ ਰਾਜਾ ਗੁਲਾਬ ਸਿੰਘ ਵੀ ਹਨ।”
ਅੱਗੇ ਲਿਖਿਆ ਹੈ —
“ਅੱਗੇ ਫਕੀਰ, ਸੜਕ ਕਲਾਕਾਰ ਤੇ ਹੂੰਨਰਮੰਦ ਲੋਕ ਮਹਾਰਾਜਾ ਦੀ ਧਿਆਨ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹਨ, ਜਦਕਿ ਪਿੱਛੇ ਕਾਰੀਗਰ, ਪਤੰਗਬਾਜ਼ ਅਤੇ ਵੇਪਾਰੀ ਆਪਣਾ ਕੰਮ ਕਰਦੇ ਦਿਖਾਈ ਦੇ ਰਹੇ ਹਨ।”
ਟਿਪੂ ਸੁਲਤਾਨ ਦੀਆਂ ਇਹ ਪਿਸਤੌਲਾਂ 1799 ਵਿੱਚ ਹੋਈ ਸ੍ਰੀਰੰਗਪਟਨਮ ਦੀ ਲੜਾਈ ਤੋਂ ਬਾਅਦ ਬ੍ਰਿਟੇਨ ਪਹੁੰਚੀਆਂ, ਜਦੋਂ ਈਸਟ ਇੰਡੀਆ ਕੰਪਨੀ ਨੇ ਉਸਦੇ ਕਿਲ੍ਹੇ ਤੋਂ ਇਹ ਕੀਮਤੀ ਹਥਿਆਰ ਕਬਜ਼ੇ ‘ਚ ਲੈ ਲਏ ਸਨ।
ਇਹ ਵੀ ਦੱਸਿਆ ਗਿਆ ਕਿ ਟਿਪੂ ਦੀਆਂ ਪਿਸਤੌਲਾਂ ਅਕਸਰ ਜੋੜੇ ਵਿੱਚ ਬਣਾਈਆਂ ਜਾਂਦੀਆਂ ਸਨ — ਇੱਕ ਖੱਬੇ ਹੱਥ ਲਈ ਅਤੇ ਦੂਜੀ ਸੱਜੇ ਹੱਥ ਲਈ। ਇਹ ਜੋੜਾ ਉਸਦੇ ਰਾਜਸੀ ਦਰਸ਼ਨਾਂ ਦੌਰਾਨ ਉਸਦੀ ਸ਼ਾਨ ਵਧਾਉਂਦਾ ਸੀ।
ਇਸ ਤੋਂ ਇਲਾਵਾ, ਟਿਪੂ ਸੁਲਤਾਨ ਲਈ ਬਣਾਈ ਗਈ ਇੱਕ ਹੋਰ ਚਾਂਦੀ ਨਾਲ ਮਾਊਂਟ ਕੀਤੀ ਫ਼ਲਿੰਟਲਾਕ ਬੰਦੂਕ £5,71,500 ‘ਚ ਵੇਚੀ ਗਈ।
ਨਿਲਾਮੀ ਦੀ ਪਹਿਲੀ ਆਈਟਮ — ਮੁਗਲ ਬਾਦਸ਼ਾਹ ਅਕਬਰ ਦੀ ਲਾਇਬ੍ਰੇਰੀ ਨਾਲ ਸੰਬੰਧਿਤ 16ਵੀਂ ਸਦੀ ਦਾ ਕੁਰਾਨ ਮਸੌਦਾ — £8,63,600 ‘ਚ ਵਿਕਿਆ।
ਭਾਰਤ ਨਾਲ ਜੁੜੀਆਂ ਹੋਰ ਆਈਟਮਾਂ ‘ਚ —
- 225 ਸਾਲ ਪੁਰਾਣੀਆਂ ਭਾਰਤੀ ਪਹਿਰਾਵਿਆਂ ਦੀਆਂ 52 ਪੇਂਟਿੰਗਾਂ ਵਾਲੀਆਂ ਐਲਬਮਾਂ, ਜੋ ਇੱਕ ਪਰਿਵਾਰ ਕੋਲ ਹੀ ਸਨ, £6,09,600 ‘ਚ ਵਿਕੀਆਂ।
- ਇੱਕ ਮੁਗਲ ਜੇਡ ਦਾ ਘੋੜੇ ਦੇ ਸਿਰ ਵਾਲਾ ਖ਼ੰਜਰ ਤੇ ਮਿਆਨ £4,06,400 ‘ਚ ਵੇਚਿਆ ਗਿਆ।
- 17ਵੀਂ ਸਦੀ ਦੀ ਹਾਥੀਆਂ ਦੀ ਖੇਡਦੀ ਪੇਂਟਿੰਗ £1,39,700 ‘ਚ ਵਿਕੀ।
ਸੋਥੇਬੀਜ਼ ਦੇ ਅਨੁਸਾਰ, ਇਸ ਨਿਲਾਮੀ ‘ਚ ਖਰੀਦਦਾਰਾਂ ‘ਚੋਂ 20 ਫ਼ੀਸਦੀ ਨਵੇਂ ਸਨ ਅਤੇ 25 ਦੇਸ਼ਾਂ, ਸਮੇਤ ਭਾਰਤ, ਤੋਂ ਬੋਲੀਕਾਰ ਸ਼ਾਮਲ ਹੋਏ।


