ਚੰਡੀਗੜ੍ਹ – ਦੀਵਾਲੀ ਦੀ ਰੌਣਕਾਂ ਵਿਚ ਪਟਾਕਿਆਂ ਦੀ ਚਮਕ ਨੇ ਜਿੱਥੇ ਅਸਮਾਨ ਰੌਸ਼ਨ ਕੀਤਾ, ਉੱਥੇ ਹੀ ਪੰਜਾਬ ਦੀ ਹਵਾ ਨੂੰ ਵੀ ਬਹੁਤ ਜ਼ਿਆਦਾ ਪ੍ਰਦੂਸ਼ਿਤ ਕਰ ਦਿੱਤਾ। ਸੋਮਵਾਰ ਤੇ ਮੰਗਲਵਾਰ ਦੀ ਰਾਤ ਨੂੰ ਹੋਏ ਪਟਾਕਿਆਂ ਦੇ ਤਾਬੜਤੋੜ ਧਮਾਕਿਆਂ ਕਾਰਨ ਹਵਾ ਵਿੱਚ ਜ਼ਹਿਰੀਲੇ ਕਣਾਂ ਦੀ ਮਾਤਰਾ ਕਈ ਗੁਣਾ ਵੱਧ ਗਈ, ਜਿਸ ਨਾਲ ਏਅਰ ਕੁਆਲਿਟੀ ਇੰਡੈਕਸ (AQI) ਕਈ ਸ਼ਹਿਰਾਂ ਵਿੱਚ ਖ਼ਤਰਨਾਕ ਪੱਧਰ 500 ਤੋਂ ਪਾਰ ਦਰਜ ਹੋਇਆ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਵੱਲੋਂ ਜਾਰੀ ਅੰਕੜਿਆਂ ਅਨੁਸਾਰ, ਸੋਮਵਾਰ ਰਾਤ 9 ਵਜੇ ਤੱਕ AQI 269 ਸੀ, ਪਰ ਪਟਾਕਿਆਂ ਦੇ ਤੇਜ਼ ਪ੍ਰਦੂਸ਼ਣ ਕਾਰਨ ਮੰਗਲਵਾਰ ਸਵੇਰ ਤੱਕ ਇਹ ਸਿੱਧਾ 500 ’ਤੇ ਪਹੁੰਚ ਗਿਆ। ਸਵੇਰੇ 3 ਵਜੇ AQI 417 ਤੇ ਆ ਗਿਆ, ਜਦੋਂ ਕਿ ਸਵੇਰੇ 6 ਵਜੇ ਘੱਟ ਕੇ 329 ਰਿਹਾ। ਪਰ ਸ਼ਾਮ 6 ਵਜੇ ਤੋਂ ਬਾਅਦ ਫਿਰ ਤੋਂ ਪਟਾਕੇ ਚਲਾਉਣ ਨਾਲ ਹਵਾ ਦੀ ਗੁਣਵੱਤਾ ਖ਼ਤਰਨਾਕ ਪੱਧਰ ’ਤੇ ਪਹੁੰਚ ਗਈ।
ਇਕ ਹੋਰ ਪ੍ਰਦੂਸ਼ਣ ਮਾਪਣ ਵੈੱਬਸਾਈਟ “ਏਅਰ ਕੁਆਲਿਟੀ ਇੰਡੈਕਸ ਮਾਨੀਟਰ” ਮੁਤਾਬਕ ਹਾਲਾਤ ਇਸ ਤੋਂ ਵੀ ਗੰਭੀਰ ਰਹੇ। ਸੋਮਵਾਰ ਰਾਤ 10 ਵਜੇ AQI 620, ਰਾਤ 11 ਵਜੇ 716, ਅੱਧੀ ਰਾਤ 12 ਵਜੇ 650, ਸਵੇਰੇ 1 ਵਜੇ 550 ਤੇ ਸਵੇਰੇ 2 ਵਜੇ 753 ਤੱਕ ਦਰਜ ਕੀਤਾ ਗਿਆ। ਇਹ ਅੰਕੜੇ ਦਰਸਾਉਂਦੇ ਹਨ ਕਿ ਦੀਵਾਲੀ ਦੀ ਰਾਤ ਪੰਜਾਬ ਦੇ ਕਈ ਇਲਾਕਿਆਂ ’ਚ ਹਵਾ ਸਾਂਸ ਲੈਣ ਯੋਗ ਨਹੀਂ ਰਹੀ।
ਇਸ ਜ਼ਹਿਰੀਲੇ ਧੂੰਏ ਕਾਰਨ ਸਵੇਰੇ ਖੁੱਲ੍ਹੇ ਖੇਤਾਂ ਅਤੇ ਸੜਕਾਂ ਉੱਤੇ ਧੁੰਦ ਦੀ ਮੋਟੀ ਪਰਤ ਛਾਈ ਰਹੀ, ਜਿਸ ਨਾਲ ਦ੍ਰਿਸ਼ਤਾ ਘੱਟ ਹੋ ਗਈ। ਸੂਰਜ ਚੜ੍ਹਣ ਤੋਂ ਪਹਿਲਾਂ ਲੋਕਾਂ ਨੂੰ ਸੜਕਾਂ ’ਤੇ ਵਾਹਨ ਚਲਾਉਣ ਵਿੱਚ ਵੀ ਮੁਸ਼ਕਿਲ ਆਈ।
ਮੌਸਮ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਗਲੇ ਛੇ ਦਿਨ ਮੌਸਮ ਖੁੱਲ੍ਹਾ ਰਹੇਗਾ ਅਤੇ ਧੁੱਪ ਕਾਰਨ ਦਿਨ ਦੇ ਤਾਪਮਾਨ ’ਚ ਥੋੜ੍ਹਾ ਵਾਧਾ ਹੋਵੇਗਾ। ਹਾਲਾਂਕਿ ਸਵੇਰ ਤੇ ਸ਼ਾਮ ਦਾ ਸਮਾਂ ਠੰਢਾ ਰਹੇਗਾ, ਅਤੇ ਹਵਾ ਵਿੱਚ ਬਾਅਕੀ ਧੂੰਏ ਦੇ ਕਣਾਂ ਕਾਰਨ ਹਲਕੀ ਧੁੰਦ ਜਾਰੀ ਰਹਿ ਸਕਦੀ ਹੈ।
ਵਾਤਾਵਰਣ ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਜਿਹੜੇ ਲੋਕ ਬਜ਼ੁਰਗ ਹਨ, ਬੱਚੇ ਹਨ ਜਾਂ ਜਿਨ੍ਹਾਂ ਨੂੰ ਸਾਹ ਦੀਆਂ ਸਮੱਸਿਆਵਾਂ ਹਨ, ਉਹ ਸਵੇਰ ਤੇ ਸ਼ਾਮ ਬਾਹਰ ਜਾਣ ਤੋਂ ਪਰਹੇਜ਼ ਕਰਨ। ਨਾਲ ਹੀ, ਹਵਾ ਦੀ ਗੁਣਵੱਤਾ ਸੁਧਾਰਨ ਲਈ ਲੋਕਾਂ ਨੂੰ ਘਰਾਂ ਦੇ ਆਲੇ-ਦੁਆਲੇ ਹਰੇ-ਭਰੇ ਪੌਦੇ ਲਗਾਉਣ ਅਤੇ ਪਟਾਕਿਆਂ ਦੀ ਵਰਤੋਂ ’ਤੇ ਸਖ਼ਤ ਰੋਕ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।