ਫਿਰੋਜ਼ਪੁਰ: ਸਮਾਜ ਸੇਵਾ ਵਿੱਚ ਹਮੇਸ਼ਾਂ ਅਗੇ ਰਹਿਣ ਵਾਲੇ ਰੋਟਰੀ ਕਲੱਬ ਨੇ ਇਸ ਵਾਰ ਹੜ੍ਹ ਪ੍ਰਭਾਵਿਤ ਵਿਦਿਆਰਥੀਆਂ ਲਈ ਇੱਕ ਵਿਲੱਖਣ ਪਹਿਲ ਕੀਤੀ ਹੈ। ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਵੱਲੋਂ, ਡਿਸਟ੍ਰਿਕਟ 3060 ਅਤੇ ਰੋਟਰੀ ਕਲੱਬ ਆਫ਼ ਬੰਬੇ ਦੇ ਸਹਿਯੋਗ ਨਾਲ, ਇੱਕ ਸਕਾਲਰਸ਼ਿਪ ਕੈਂਪ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਨੂੰ ਦੀਵਾਲੀ ਦੇ ਮੌਕੇ ‘ਤੇ ਖ਼ਾਸ ਤੋਹਫ਼ਾ ਦਿੱਤਾ ਗਿਆ।
ਇਸ ਕੈਂਪ ਅਧੀਨ ਹੜ੍ਹ ਪ੍ਰਭਾਵਿਤ ਖੇਤਰਾਂ ਦੇ 342 ਵਿਦਿਆਰਥੀਆਂ ਦੀਆਂ ਲਗਭਗ 10 ਲੱਖ ਰੁਪਏ ਦੀਆਂ ਫੀਸਾਂ ਭਰੀਆਂ ਗਈਆਂ। ਇਹ ਕਦਮ ਰੋਟਰੀ ਵੱਲੋਂ ਸਿੱਖਿਆ ਖੇਤਰ ਵਿੱਚ ਸਮਾਜਿਕ ਜ਼ਿੰਮੇਵਾਰੀ ਦਾ ਇੱਕ ਪ੍ਰੇਰਣਾਦਾਇਕ ਉਦਾਹਰਣ ਹੈ।
ਇਹ ਕੈਂਪ ਹੁਸੈਨੀਵਾਲਾ ਅੰਤਰਰਾਸ਼ਟਰੀ ਸਰਹੱਦ ਨੇੜੇ ਹੜ੍ਹ ਪ੍ਰਭਾਵਿਤ ਖੇਤਰ ਦੇ ਤਿੰਨ ਸਕੂਲਾਂ ਵਿੱਚ ਲਗਾਇਆ ਗਿਆ —
- ਕੇ.ਆਰ. ਮਾਡਲ ਸਕੂਲ ਪਿੰਡ ਹਜ਼ਾਰੇ ਕੇ (180 ਵਿਦਿਆਰਥੀ),
- ਐੱਸ.ਬੀ.ਐੱਸ. ਸਕੂਲ ਪਿੰਡ ਭੰਨੇ ਕੇ (147 ਵਿਦਿਆਰਥੀ),
- ਗੁਰੂਕੁਲ ਸਕੂਲ (15 ਵਿਦਿਆਰਥੀ)।
ਫੀਸਾਂ ਭਰਨ ਦੇ ਨਾਲ ਨਾਲ, ਹਰੇਕ ਵਿਦਿਆਰਥੀ ਨੂੰ ਇੱਕ ਗਰਮ ਕੰਬਲ ਵੀ ਦਿੱਤਾ ਗਿਆ, ਜੋ ਆਉਣ ਵਾਲੀ ਸਰਦੀ ‘ਚ ਉਨ੍ਹਾਂ ਲਈ ਸਹਾਰਾ ਸਾਬਤ ਹੋਵੇਗਾ।
ਇਸ ਸਮਾਗਮ ਵਿੱਚ ਡਿਸਟ੍ਰਿਕਟ ਗਵਰਨਰ ਆਰਟੀਐਨ ਭੁਪੇਸ਼ ਮਹਿਤਾ, ਪੀਡੀਜੀ ਅਮਜਦ ਅਲੀ (3090), ਅਤੇ ਫਿਰੋਜ਼ਪੁਰ ਦੇ ਕਈ ਰੋਟੇਰੀਅਨਾਂ ਨੇ ਹਿੱਸਾ ਲਿਆ। ਪੀਡੀਜੀ ਵਿਜੈ ਅਰੋੜਾ (ਚੇਅਰਮੈਨ), ਅਸ਼ੋਕ ਬਹਿਲ (ਕੋ-ਚੇਅਰਮੈਨ), ਕਮਲ ਸ਼ਰਮਾ (ਸਟੇਟ ਡਿਪਟੀ ਕੋਆਰਡੀਨੇਟਰ), ਅਸਿਸਟੈਂਟ ਗਵਰਨਰ ਵਿਜੈ ਮੌਂਗਾ ਅਤੇ ਕਈ ਹੋਰ ਸਦੱਸਾਂ ਨੇ ਕੈਂਪ ਦੀ ਸਫਲਤਾ ਵਿੱਚ ਅਹਿਮ ਭੂਮਿਕਾ ਨਿਭਾਈ।
ਇਸ ਮੌਕੇ ‘ਤੇ ਕ੍ਰਿਪਾਲ ਸਿੰਘ ਮੱਕੜ, ਹਿੰਮਤ ਗੋਇਲ, ਰਾਹੁਲ ਕੱਕੜ, ਅਨੁਰਾਧਾ, ਕੁਨਾਲ ਪੂਰੀ, ਦਸ਼ਮੇਸ਼ ਸੇਠੀ, ਸੁਰਿੰਦਰ ਸਿੰਘ ਕਪੂਰ, ਨਰਿੰਦਰ ਕੱਕੜ, ਸੁਮਿਤ ਵੋਹਰਾ, ਸੰਦੀਪ ਸਿੰਗਲਾ, ਅਜੈ ਬਜਾਜ, ਨਵੀਨ ਅਰੋੜਾ, ਪ੍ਰਮੋਦ ਕਪੂਰ, ਗੁਲਸ਼ਨ ਸਚਦੇਵਾ, ਬੂਟਾ ਸਿੰਘ ਅਤੇ ਦਿਨੇਸ਼ ਕਟਾਰੀਆ ਆਦਿ ਮੈਂਬਰਾਂ ਨੇ ਵੀ ਸਰਗਰਮ ਹਿੱਸਾ ਲਿਆ।
ਰੋਟਰੀ ਕਲੱਬ ਵੱਲੋਂ ਕਿਹਾ ਗਿਆ ਕਿ ਇਹ ਮੁਹਿੰਮ ਕੇਵਲ ਵਿੱਤੀ ਸਹਾਇਤਾ ਨਹੀਂ, ਸਗੋਂ ਬੱਚਿਆਂ ਦੇ ਭਵਿੱਖ ਪ੍ਰਤੀ ਇੱਕ ਉਮੀਦ ਅਤੇ ਪ੍ਰੇਰਣਾ ਦਾ ਪ੍ਰਤੀਕ ਹੈ।