ਦੀਵਾਲੀ ਦੀਆਂ ਰੌਸ਼ਨੀਆਂ ਦੇ ਨਾਲ ਪੰਜਾਬ ਦੀ ਹਵਾ ਹੋਰ ਵੀ ਧੁੰਦਲੀ ਹੋ ਗਈ ਹੈ। ਸੋਮਵਾਰ ਰਾਤ ਨੂੰ ਜਿੱਥੇ ਲੋਕਾਂ ਨੇ ਖੂਬ ਆਤਿਸ਼ਬਾਜ਼ੀ ਕਰਕੇ ਤਿਉਹਾਰ ਦੀ ਖੁਸ਼ੀ ਮਨਾਈ, ਉੱਥੇ ਹੀ ਇਸ ਦਾ ਸਿੱਧਾ ਪ੍ਰਭਾਵ ਸੂਬੇ ਦੀ ਹਵਾ ਗੁਣਵੱਤਾ ’ਤੇ ਪਿਆ। ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਹਵਾ ਗੁਣਵੱਤਾ ਸੂਚਕਾਂਕ (AQI) “ਮਾੜੀ” ਅਤੇ “ਬਹੁਤ ਮਾੜੀ” ਸ਼੍ਰੇਣੀ ਵਿੱਚ ਦਰਜ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਮੁਤਾਬਿਕ, ਰੂਪਨਗਰ ਵਿੱਚ ਹਵਾ ਗੁਣਵੱਤਾ ਸੂਚਕਾਂਕ 500 ਤੱਕ ਪਹੁੰਚ ਗਿਆ, ਜੋ ਖਤਰਨਾਕ ਸ਼੍ਰੇਣੀ ਵਿੱਚ ਆਉਂਦਾ ਹੈ। ਲੁਧਿਆਣਾ ਵਿੱਚ AQI 438 ਦਰਜ ਕੀਤਾ ਗਿਆ, ਜਦਕਿ ਜਲੰਧਰ, ਪਟਿਆਲਾ ਅਤੇ ਅੰਮ੍ਰਿਤਸਰ ਵਿੱਚ ਵੀ ਹਵਾ ਦੀ ਗੁਣਵੱਤਾ ਮਾੜੀ ਸ਼੍ਰੇਣੀ ਵਿੱਚ ਹੀ ਰਹੀ। ਦੀਵਾਲੀ ਦੀ ਰਾਤ ਤੋਂ ਲੈ ਕੇ ਮੰਗਲਵਾਰ ਸਵੇਰੇ ਤੱਕ ਪ੍ਰਦੂਸ਼ਣ ਦਾ ਪੱਧਰ ਬੇਹੱਦ ਉੱਚਾ ਦਰਜ ਕੀਤਾ ਗਿਆ।
ਮੰਗਲਵਾਰ ਸਵੇਰੇ 8:30 ਵਜੇ ਮੰਡੀ ਗੋਬਿੰਦਗੜ੍ਹ ਵਿੱਚ ਸਭ ਤੋਂ ਵੱਧ AQI 271 ਦਰਜ ਹੋਇਆ। ਇਸ ਤੋਂ ਬਾਅਦ ਲੁਧਿਆਣਾ 268, ਜਲੰਧਰ 242, ਅੰਮ੍ਰਿਤਸਰ 212, ਅਤੇ ਪਟਿਆਲਾ 204 ’ਤੇ ਰਿਹਾ। ਬਠਿੰਡਾ ਵਿੱਚ 140 ਦਾ AQI ਦਰਜ ਕੀਤਾ ਗਿਆ, ਜੋ ਬਾਕੀ ਸ਼ਹਿਰਾਂ ਦੇ ਮੁਕਾਬਲੇ ਥੋੜ੍ਹਾ ਘੱਟ ਹੈ ਪਰ ਫਿਰ ਵੀ ਸੁਰੱਖਿਅਤ ਪੱਧਰ ਤੋਂ ਉੱਪਰ ਹੈ।
ਵਿਦਵਾਨਾਂ ਦਾ ਕਹਿਣਾ ਹੈ ਕਿ ਦੀਵਾਲੀ ਦੌਰਾਨ ਹੋਈ ਆਤਿਸ਼ਬਾਜ਼ੀ ਅਤੇ ਉੱਤਰੀ ਭਾਰਤ ਦੇ ਖੇਤਰੀ ਇਲਾਕਿਆਂ ’ਚ ਪਰਾਲੀ ਸਾੜਨ ਨਾਲ ਨਿਕਲ ਰਹੇ ਧੂੰਏ ਨੇ ਹਵਾ ਨੂੰ ਹੋਰ ਪ੍ਰਦੂਸ਼ਿਤ ਕੀਤਾ ਹੈ। ਹਵਾ ਵਿੱਚ ਘੁੱਲ ਰਹੇ PM2.5 ਅਤੇ PM10 ਕਣ ਸਾਸ ਲੈਣ ਨਾਲ ਸਿੱਧੇ ਤੌਰ ’ਤੇ ਸਿਹਤ ’ਤੇ ਅਸਰ ਪਾ ਰਹੇ ਹਨ।
ਪ੍ਰਦੂਸ਼ਣ ਨਿਯੰਤਰਣ ਬੋਰਡ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਵੇਰ-ਸ਼ਾਮ ਖੁੱਲ੍ਹੇ ਵਿੱਚ ਸੈਰ ਕਰਨ ਤੋਂ ਗੁਰੇਜ਼ ਕਰਨ, ਵਿਸ਼ੇਸ਼ ਤੌਰ ’ਤੇ ਬੱਚਿਆਂ, ਬਜ਼ੁਰਗਾਂ ਅਤੇ ਦਮ ਦੇ ਮਰੀਜ਼ਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣੀ ਚਾਹੀਦੀ ਹੈ।