ਵਿਸ਼ਵ ਪੱਧਰ ‘ਤੇ ਊਰਜਾ ਸਬੰਧੀ ਸਿਆਸਤ ਵਿੱਚ ਇੱਕ ਵੱਡੇ ਮੋੜ ਦੇ ਤੌਰ ‘ਤੇ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਭਾਰਤ ਹੁਣ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦੇਵੇਗਾ। ਟਰੰਪ ਨੇ ਇਹ ਗੱਲ ਬੁੱਧਵਾਰ ਨੂੰ ਵ੍ਹਾਈਟ ਹਾਊਸ ਵਿੱਚ ਇੱਕ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨੂੰ ਦੱਸਿਆ। ਉਨ੍ਹਾਂ ਦੇ ਅਨੁਸਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਭਾਰਤ ਰੂਸ ਤੋਂ ਤੇਲ ਖਰੀਦਣਾ ਰੋਕ ਦੇਵੇਗਾ।
ਟਰੰਪ ਨੇ ਇਸ ਮਾਮਲੇ ਨੂੰ ਰੂਸ ਵਿਰੁੱਧ ਆਰਥਿਕ ਦਬਾਅ ਵਧਾਉਣ ਦੇ ਪ੍ਰਯਾਸ ਵਿੱਚ ਇੱਕ “ਵੱਡਾ ਕਦਮ” ਕਿਹਾ। ਉਨ੍ਹਾਂ ਨੇ ਇਹ ਵੀ ਸ਼ੇਅਰ ਕੀਤਾ ਕਿ ਅਮਰੀਕਾ ਹੁਣ ਚੀਨ ਨੂੰ ਵੀ ਇਸ ਤਰ੍ਹਾਂ ਦੇ ਕਦਮ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਟਰੰਪ ਨੇ ਕਿਹਾ, “ਮੈਂ ਖੁਸ਼ ਨਹੀਂ ਸੀ ਕਿ ਭਾਰਤ ਰੂਸੀ ਤੇਲ ਖਰੀਦ ਰਿਹਾ ਸੀ, ਪਰ ਹੁਣ ਮੈਨੂੰ ਭਰੋਸਾ ਮਿਲਿਆ ਹੈ ਕਿ ਉਹ ਇਸਨੂੰ ਰੋਕ ਦੇਣਗੇ।”
ਰੂਸ ‘ਤੇ ਦਬਾਅ ਤੇ ਯੂਕਰੇਨ ਦੀ ਸਥਿਤੀ
ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਅਮਰੀਕਾ ਯੂਕਰੇਨ ਵਿੱਚ ਜੰਗ ਨੂੰ ਰੋਕਣ ਲਈ ਰੂਸ ‘ਤੇ ਆਰਥਿਕ ਪਾਬੰਦੀਆਂ ਲਗਾ ਰਿਹਾ ਹੈ। ਟਰੰਪ ਦਾ ਮਨਨਾ ਹੈ ਕਿ ਰੂਸੀ ਤੇਲ ਖਰੀਦਣਾ ਬੰਦ ਕਰਨ ਦਾ ਵਾਅਦਾ ਵਿਸ਼ਵਵਿਆਪੀ ਊਰਜਾ ਸਬੰਧੀ ਰਣਨੀਤੀ ਵਿੱਚ ਇੱਕ ਵੱਡਾ ਮੋੜ ਹੋ ਸਕਦਾ ਹੈ। ਹਾਲਾਂਕਿ, ਭਾਰਤ ਦੀ ਸਰਕਾਰ ਨੇ ਇਸ ਬਾਰੇ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਪੁਸ਼ਟੀ ਨਹੀਂ ਕੀਤੀ ਹੈ।
ਭਾਰਤ-ਅਮਰੀਕਾ ਸਬੰਧ ਅਤੇ ਭਰੋਸੇਯੋਗੀ ਸਾਥੀ
ਟਰੰਪ ਨੇ ਇਹ ਵੀ ਕਿਹਾ ਕਿ ਭਾਰਤ ਤੁਰੰਤ ਰੂਸੀ ਤੇਲ ਦੀ ਸ਼ਿਪਮੈਂਟ ਬੰਦ ਨਹੀਂ ਕਰ ਸਕਦਾ ਕਿਉਂਕਿ ਇਸ ਵਿੱਚ ਇੱਕ ਪ੍ਰਕਿਰਿਆ ਸ਼ਾਮਲ ਹੈ, ਪਰ ਇਹ ਜਲਦੀ ਹੀ ਪੂਰੀ ਹੋ ਜਾਵੇਗੀ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਭਾਵੇਂ ਊਰਜਾ ਨੀਤੀ ‘ਤੇ ਕੁਝ ਮਤਭੇਦ ਹੋ ਸਕਦੇ ਹਨ, ਪਰ ਪ੍ਰਧਾਨ ਮੰਤਰੀ ਮੋਦੀ ਇੱਕ ਕਰੀਬੀ ਸਹਿਯੋਗੀ ਹਨ। ਟਰੰਪ ਨੇ ਭਾਰਤ ਨੂੰ ਚੀਨ ਨਾਲ ਤਣਾਅ ਦੇ ਮੱਦੇਨਜ਼ਰ ਭਰੋਸੇਯੋਗ ਸਾਥੀ ਕਹਿੰਦੇ ਹੋਏ ਕਿਹਾ, “ਉਹ ਮੇਰਾ ਦੋਸਤ ਹੈ। ਸਾਡਾ ਬਹੁਤ ਵਧੀਆ ਰਿਸ਼ਤਾ ਹੈ।”
ਵਿਸ਼ਵ ਊਰਜਾ ਮਾਰਕੀਟ ‘ਚ ਪ੍ਰਭਾਵ
ਕਾਬਿਲੇਗੌਰ ਹੈ ਕਿ ਭਾਰਤ ਇਸ ਸਮੇਂ ਰੂਸੀ ਤੇਲ ਦਾ ਦੂਜਾ ਸਭ ਤੋਂ ਵੱਡਾ ਖਰੀਦਦਾਰ ਹੈ। ਭਾਰਤ ਦੇ ਰੂਸੀ ਤੇਲ ਖਰੀਦਣ ਰੋਕਣ ਦਾ ਫੈਸਲਾ ਮਾਸਕੋ ਦੇ ਮੁੱਖ ਗਾਹਕਾਂ ਵਿੱਚ ਇੱਕ ਵੱਡੀ ਤਬਦੀਲੀ ਦਾ ਇਸ਼ਾਰਾ ਦੇਵੇਗਾ ਅਤੇ ਹੋਰ ਦੇਸ਼ਾਂ ਲਈ ਵੀ ਰੂਸੀ ਤੇਲ ਖਰੀਦਣ ਦੇ ਸਮੀਕਰਨ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਦੌਰਾਨ, ਟਰੰਪ ਦਬਾਅ ਵਧਾਉਣ ਲਈ ਬਹੁਪੱਖੀ ਪਾਬੰਦੀਆਂ ਦੀ ਬਜਾਏ ਰੂਸ ਨਾਲ ਵਿਅਕਤੀਗਤ ਰਿਸ਼ਤਿਆਂ ਦਾ ਲਾਭ ਉਠਾਉਣ ‘ਤੇ ਜ਼ੋਰ ਦੇ ਰਹੇ ਹਨ।