ਸੰਗਰੂਰ – ਪਿੰਡ ਘਾਬਦਾਂ ਸਥਿਤ ਨਸ਼ਾ ਛੁਡਾਊ ਕੇਂਦਰ ਤੋਂ 8 ਵਿਅਕਤੀ ਭੱਜਣ ਵਿੱਚ ਕਾਮਯਾਬ ਹੋ ਗਏ। ਭੱਜਣ ਤੋਂ ਪਹਿਲਾਂ ਇਨ੍ਹਾਂ ਨੇ ਕੇਂਦਰ ‘ਚ ਡਿਊਟੀ ‘ਤੇ ਮੌਜੂਦ ਨਰਸ ਅਤੇ ਪੁਲਿਸ ਮੁਲਾਜ਼ਮ ਮਲਕੀਤ ਸਿੰਘ ‘ਤੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਮਲਕੀਤ ਸਿੰਘ ਬੇਹੋਸ਼ ਹੋ ਗਿਆ, ਜਿਸਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ।
ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਇਹ ਸਾਰੇ ਵਿਅਕਤੀ ਨਸ਼ੇ ਨਾਲ ਜੁੜੇ ਐਨਡੀਪੀਐਸ (NDPS) ਕੇਸਾਂ ਵਿੱਚ ਗ੍ਰਿਫਤਾਰ ਹੋਏ ਸਨ ਅਤੇ ਇਨ੍ਹਾਂ ਨੂੰ ਜੇਲ੍ਹ ਤੋਂ ਇਲਾਜ ਲਈ ਇੱਥੇ ਲਿਆਇਆ ਗਿਆ ਸੀ। ਦਵਾਈ ਅਤੇ ਖਾਣੇ ਵੇਲੇ ਉਨ੍ਹਾਂ ਨੇ ਨਰਸ ‘ਤੇ ਹਮਲਾ ਕਰ ਕੇ ਭੱਜਣ ਦੀ ਕੋਸ਼ਿਸ਼ ਕੀਤੀ।
ਮਲਕੀਤ ਸਿੰਘ ਨੇ ਦੱਸਿਆ ਕਿ ਉਸਨੇ ਅਤੇ ਹੋਰ ਸਟਾਫ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਲਟੇ ਉਨ੍ਹਾਂ ਨੇ ਹਮਲਾ ਕਰ ਦਿੱਤਾ। ਗਰਦਨ ਫੜੀ ਗਈ, ਲੱਤਾਂ ਤੇ ਮਾਰਿਆ ਗਿਆ, ਜਿਸ ਨਾਲ ਉਹ ਬੇਹੋਸ਼ ਹੋ ਗਿਆ। ਸਟਾਫ ਨੇ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਫਿਰ ਵੀ ਅੱਠ ਵਿਅਕਤੀ ਭੱਜਣ ਵਿੱਚ ਕਾਮਯਾਬ ਹੋ ਗਏ।ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਵੱਖ-ਵੱਖ ਟੀਮਾਂ ਮੁਲਜ਼ਮਾਂ ਦੀ ਤਲਾਸ਼ ਕਰ ਰਹੀਆਂ ਹਨ।
ਇਹ ਪਹਿਲਾ ਮਾਮਲਾ ਨਹੀਂ
ਜਨਵਰੀ ਮਹੀਨੇ ਵਿੱਚ ਵੀ ਐਸੀ ਹੀ ਇਕ ਹੋਰ ਘਟਨਾ ਵਾਪਰੀ ਸੀ। 7 ਜਨਵਰੀ ਨੂੰ ਨਸ਼ਾ ਛੁਡਾਊ ਕੇਂਦਰ ‘ਚ ਦਾਖਲ ਲੋਕਾਂ ਨੇ ਖਾਣੇ ਦੌਰਾਨ ਪਲੇਟਾਂ ਨਾਲ ਸ਼ੀਸ਼ਾ ਤੋੜਿਆ ਅਤੇ ਭੱਜ ਗਏ ਸਨ। ਇੰਝ ਦੇ ਮਾਮਲੇ ਮੋਹਾਲੀ ਵਿੱਚ ਵੀ ਸਾਹਮਣੇ ਆ ਚੁੱਕੇ ਹਨ।