ਫਾਜ਼ਿਲਕਾ ਦੇ ਪਿੰਡ ਗੁੱਦੜ ਭੈਣੀ ’ਚ ਸੱਪ ਦੇ ਡੰਗ ਕਾਰਨ ਇਕ 35 ਸਾਲਾ ਔਰਤ ਪਰਮਜੀਤ ਕੌਰ ਦੀ ਮੌਤ ਹੋ ਗਈ। ਮ੍ਰਿਤਕਾ ਦੇ ਪਤੀ ਰਾਮ ਸਿੰਘ ਮੁਤਾਬਕ, ਪਰਮਜੀਤ ਕੌਰ ਬੀਤੀ ਦੁਪਹਿਰ ਖੇਤਾਂ ’ਚ ਆਪਣੇ ਰੋਜ਼ਾਨਾ ਦੇ ਕੰਮ ਕਰ ਰਹੀ ਸੀ, ਜਦੋਂ ਅਚਾਨਕ ਸੱਪ ਨੇ ਉਸ ਨੂੰ ਡੰਗ ਮਾਰ ਦਿੱਤਾ। ਇਸ ਘਟਨਾ ਬਾਰੇ ਪਤੀ ਨੂੰ ਸ਼ਾਮ ਦੇ ਸਮੇਂ ਪਤਾ ਲੱਗਾ, ਜਦੋਂ ਉਸ ਦੀ ਹਾਲਤ ਬਹੁਤ ਖਰਾਬ ਹੋ ਗਈ।
ਪਹਿਲਾਂ ਉਸ ਨੂੰ ਪਿੰਡ ਦੇ ਡਾਕਟਰ ਕੋਲ ਲਿਜਾਇਆ ਗਿਆ, ਜਿੱਥੇ ਮੁੱਢਲਾ ਇਲਾਜ ਕਰਨ ਤੋਂ ਬਾਅਦ ਸ਼ਹਿਰ ਲਿਜਾਣ ਦੀ ਸਲਾਹ ਦਿੱਤੀ ਗਈ। ਉਸ ਤੋਂ ਬਾਅਦ ਫਾਜ਼ਿਲਕਾ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਥੇ ਪਹੁੰਚਣ ’ਤੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਸਾਬਕਾ ਸਰਪੰਚ ਜੱਟੂ ਸਿੰਘ (ਗੁੱਦੜ ਭੈਣੀ) ਅਤੇ ਸੁਰਜੀਤ ਸਿੰਘ (ਘੁਰਕਾ) ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਇਹ ਖ਼ਬਰ ਮਿਲੀ, ਉਹ ਤੁਰੰਤ ਮ੍ਰਿਤਕਾ ਦੇ ਘਰ ਪਹੁੰਚੇ, ਪਰ ਉਸ ਵੇਲੇ ਤਕ ਉਸ ਦੀ ਤਬੀਅਤ ਬਹੁਤ ਜ਼ਿਆਦਾ ਵਿਗੜ ਚੁੱਕੀ ਸੀ। ਮ੍ਰਿਤਕਾ ਆਪਣੇ ਪਿੱਛੇ ਇੱਕ ਪੁੱਤਰ ਅਤੇ ਇੱਕ ਧੀ ਛੱਡ ਗਈ ਹੈ। ਪਿੰਡ ਵਾਸੀਆਂ ਨੇ ਸਰਕਾਰ ਤੋਂ ਪਰਿਵਾਰ ਨੂੰ ਆਰਥਿਕ ਮਦਦ ਦੇਣ ਦੀ ਮੰਗ ਕੀਤੀ ਹੈ।