ਮਾਨਸਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ 15 ਸਾਲਾ ਨਾਬਾਲਿਗ ਲੜਕੀ ਨਾਲ ਦੁਰਵਿਹਾਰ ਦੀ ਗੰਭੀਰ ਘਟਨਾ ਸਾਹਮਣੇ ਆਈ ਹੈ। ਪੀੜਤ ਪਰਿਵਾਰ ਦੇ ਦੱਸਣ ਮੁਤਾਬਕ, ਪਿੰਡ ਦੇ ਇੱਕ ਨੌਜਵਾਨ ਨੇ ਰਾਤ ਦੇ ਸਮੇਂ ਲੜਕੀ ਨੂੰ ਧਮਕਾ ਕੇ ਅਪਰਾਧਕ ਹਰਕਤ ਅੰਜਾਮ ਦਿੱਤੀ ਅਤੇ ਮੌਕੇ ਤੋਂ ਭੱਜ ਗਿਆ।ਪੁਲਿਸ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੀੜਤ ਲੜਕੀ ਦੇ ਬਿਆਨਾਂ ‘ਤੇ ਆਰੋਪੀ ਵਿਰੁੱਧ IPC ਦੀ ਸੰਬੰਧਤ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਸ ਦੀ ਭਾਲ ਜਾਰੀ ਹੈ। ਲੜਕੀ ਨੂੰ ਤੁਰੰਤ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਦੂਜੇ ਪਾਸੇ ਪੀੜਤ ਦੇ ਪਿਤਾ ਨੇ ਦੱਸਿਆ ਕਿ ਆਰੋਪੀ ਨੌਜਵਾਨ ਜੱਸੀ ਅਤੇ ਉਸਦੇ ਦੋ ਸਾਥੀ ਪਹਿਲਾਂ ਤੋਂ ਪਰਿਵਾਰ ਨਾਲ ਜਾਣ-ਪਛਾਣ ਵਾਲੇ ਸਨ ਅਤੇ ਲੜਕੀ ਨੂੰ ਆਪਣੀ ਭਤੀਜੀ ਵਾਂਗ ਸਮਝਦੇ ਸਨ। ਪਰ ਘਟਨਾ ਵਾਲੀ ਰਾਤ, ਪਰਿਵਾਰ ਦੇ ਕੁਝ ਮੈਂਬਰ ਘਰ ਤੋਂ ਬਾਹਰ ਸਨ, ਜਿਸ ਦੌਰਾਨ ਇਹ ਘਟਨਾ ਵਾਪਰੀ।ਪਿਤਾ ਮੁਤਾਬਕ, ਰਾਤ 2 ਵਜੇ ਜਦੋਂ ਘਟਨਾ ਬਾਰੇ ਪਤਾ ਲੱਗਾ, ਉਹ ਤੁਰੰਤ ਘਰ ਵਾਪਸ ਆਇਆ ਅਤੇ ਧੀ ਨੂੰ ਹਸਪਤਾਲ ਲੈ ਗਿਆ। ਉਨ੍ਹਾਂ ਪੁਲਿਸ ਨੂੰ ਸਾਰੀ ਘਟਨਾ ਦੀ ਜਾਣਕਾਰੀ ਦੱਸੀ ਅਤੇ ਇਨਸਾਫ਼ ਦੀ ਮੰਗ ਕੀਤੀ। ਉਨ੍ਹਾਂ ਇਹ ਵੀ ਖੰਡਨ ਕੀਤਾ ਕਿ ਲੜਕੀ ਦੇ ਪਰਿਵਾਰ ਵੱਲੋਂ ਕਿਸੇ ਨੂੰ ਨੁਕਸਾਨ ਪਹੁੰਚਾਇਆ ਗਿਆ।
ਉੱਥੇ ਹੀ ਆਰੋਪੀ ਨੌਜਵਾਨ ਦੇ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਘਰ ਵਿੱਚ ਦਾਖਲ ਹੋ ਕੇ ਤੋੜ-ਫੋੜ ਅਤੇ ਅੱਗਜ਼ਨੀ ਕੀਤੀ ਗਈ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਜੇਕਰ ਉਨ੍ਹਾਂ ਦੇ ਪੁੱਤਰ ਵਿਰੁੱਧ ਦੋਸ਼ ਸਾਬਤ ਹੁੰਦੇ ਹਨ ਤਾਂ ਕਾਨੂੰਨੀ ਤੌਰ ‘ਤੇ ਸਖ਼ਤ ਕਾਰਵਾਈ ਹੋਵੇ, ਪਰ ਉਨ੍ਹਾਂ ਦੇ ਘਰ ਨੂੰ ਨੁਕਸਾਨ ਪਹੁੰਚਾਉਣਾ ਗਲਤ ਹੈ।